Gurmat Seminar in Vancouver

ਵੈਨਕੂਵਰ ਵਿੱਚ ਗੁਰਮਤਿ ਸੈਮੀਨਾਰ

14 ਅਗਸਤ ( ਦਿਨ ਸਨੀਚਰਵਾਰ )  2010 ਨੂੰ ਕੈਨੇਡੀਅਨ ਸਿੱਖ ਸਟੱਡੀ ਤੇ ਟੀਚਿੰਗ ਸੁਸਾਇਟੀ ਵਲੋਂ ਸਿੱਖ ਸਟੱਡੀ ਸੈਂਟਰ ਵੈਨਕੂਵਰ ਵਿਖੇ ਗੁਰਮਤਿ ਸੈਮੀਨਾਰ ਅਯੋਜਤ ਹੋਇਆ। ਇਹ ਸੈਮੀਨਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸੀ।ਇਸ ਵਿਸ਼ੇਸ ਸੈਮੀਨਾਰ ਵਿੱਚ ਪੰਥ ਦੇ ਤਿੰਨ ਉਘੇ ਵਿਦਿਵਾਨਾਂ ਨੇ ਆਪਣੇ ਵਡਮੁੱਲੇ ਵਿਚਾਰ ਰੱਖੇ। ਪਹਿਲੇ ਪ੍ਰਿੰਸੀਪਲ ਰਣਜੀਤ ਸਿੰਘ (ਗੋਲਡ ਮੈਡਲਿਸਟ), ਜਿਨ੍ਹਾਂ ਨੇ ਸ੍ਰੀ ਗੁਰੂ ਸਾਹਿਬ ਜੀ ਦੀ ਮਹਾਨ ਵਿਚਾਰਧਾਰਾ ਬਾਰੇ ਵਿਸ਼ੇਸ ਪੱਖਾਂ ਨੂੰ ਪ੍ਰਗਟ ਕੀਤਾ। ਦੂਸਰੇ ਸਿੱਖ ਚਿੰਤਕ ਡਾਕਟਰ ਗੁਰਸ਼ਰਨਜੀਤ ਸਿੰਘ ਜੀ, ਮੁੱਖੀ ਸਿੱਖ ਧਰਮ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅਮਰਿਤਸਰ ਜੀ ਨੇ ਜਪੁ ਜੀ ਬਾਣੀ ਦੀ ਮਹਾਨਤਾ ਨੂੰ ਦਰਸਾਂਉਂਦੇ ਆਖਿਆ ਕਿ ਹਰ ਸਿੱਖ ਨੂੰ ਜਿਥੇ ਇਸ ਬਾਣੀ ਦਾ ਪਾਠ ਕਰਨਾ ਜਰੂਰੀ ਹੈ ਉਥੇ ਇਸ ਬਾਣੀ ਦੇ ਅਰਥਾਂ ਨੂੰ ਸਮਝਣਾ ਵੀ ਅੱਤ ਜਰੂਰੀ ਹੈ।ਉਨ੍ਹਾਂ ਨੇ ਇਥੋਂ ਤੱਕ ਆਖ ਦਿਤਾ ਕਿ ਜੋ ਜਪੁ ਬਾਣੀ ਨੂੰ ਨਹੀ ਸਮਝ ਸਕਦਾ, ਉਹ ਵਿਦਿਵਾਨ ਨਹੀ ਅਖਵਾ ਸਕਦਾ। ਉਨ੍ਹਾਂ ਨੇ ਇਸ਼ਾਰੇ ਮਾਤਰ ਦੱਸਿਆ ਕਿ ਪ੍ਰੋਫੈਸਰ ਸਾਹਿਬ ਸਿੰਘ ਜੀ ਦੀ ਗੁਰਬਾਣੀ ਵਿਆਖਿਆ ਉਚ-ਦਰਜੇ ਦੀ ਹੈ।ਤੀਸਰੇ ਵਿਦਿਵਾਨ ਭਾਂਵੇ ਸਿੱਖ ਧਰਮ ਦੇ ਉਘੇ ਵਿਗਿਆਨੀ ਹਨ, ਪਰ ਉਨ੍ਹਾਂ ਨੇ ਅਨੇਕਾਂ ਕਾਨਫਰੰਸਾਂ ਵਿੱਚ ਗੁਰਮਤਿ ਉਪਰ ਲੈਕਚਰ ਦਿਤੇ ਹਨ। ਇਹ ਸਨ, ਡਾਕਟਰ ਸੁਖਮੰਦਰ ਸਿੰਘ ਜੀ, ਜੋ ਕਿ ਕੈਲੇਫੋਰਨੀਆ ਦੀ ਪ੍ਰਸਿੱਧ ਯੁਨੀਵਰਸਿਟੀ ਸੈਂਟਾ ਕਲਾਰਾ ਵਿਖੇ ਸਿਵਲ ਇੰਜਨੀਅਰਇੰਗ ਵਿਭਾਗ ਦੇ ਮੁਖੀ ਹਨ ਤੇ ਅੰਤਰ-ਰਾਸਟਰੀ ਪੱਧਰ ਦੇ ਪ੍ਰਸਿੱਧ ਵਿਗਿਆਨੀ ਹਨ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਅਸੀ ਗੁਰਬਾਣੀ ਤੋਂ ਦੂਰੀ ਬਣਾਣੀ ਹੋਈ ਹੈ ਅਤੇ ਕੁਝ ਵਹਿਮਾਂ-ਭਰਮਾਂ ਜਾਂ ਰਸਮਾਂ ਨੂੰ ਹੀ ਧਾਰਮਕ ਅੰਗ ਸਮਝ ਲਿਆ ਹੈ। ਗੁਰਬਾਣੀ ਦੇ ਅਖੰਡ-ਪਾਠ ਜਾਂ ਨਗਰ ਕੀਰਤਨਾਂ ਦੀ ਭਰਮਾਰ ਹੈ, ਪਰ ਦੁਨੀਆਂ ਦੀਆਂ ਦੂਸਰੀਆਂ ਕੌਮਾਂ ਨਾਲੋਂ ਵਿਦਿਅਕ ਖੇਤਰ ਵਿਚ ਪਛੜੇ ਹੋਏ ਹਾਂ। ਅਸੀ ਕੋਈ ਨਾਮਵਰ ਸਾਇੰਸਦਾਨ ਜਾਂ ਵਿਗਿਆਨੀ ਪੈਦਾ ਨਹੀ ਕਰ ਸਕੇ।ਉਨ੍ਹਾਂ ਨੇ ਯਹੂਦੀਆਂ ਵਲੋਂ ਕੌਮੀ ਤਰੱਕੀ ਲਈ ਕੀਤੇ ਸੰਘਰਸ਼ ਦੀ ਗੱਲ ਕਹੀ , ਜਿਨ੍ਹਾ ਨੇ ਵਿਦਿਆ ਰਾਂਹੀ ਵੱਡੀਆ ਪ੍ਰਾਪਤੀਆਂ ਕਰਕੇ ਸੰਸਾਰ ਨੂੰ ਹੈਰਾਨ ਕਰ ਦਿਤਾ। ਅੱਜ ਅੰਤਰਰਾਸ਼ਟਰੀ ਰਾਜਨੀਤੀ ਵਿੱਚ ਉਨ੍ਹਾਂ ਦੀ ਭੂਮਿਕਾ ਹੀ ਹਾਵੀ ਹੈ। ਵਿਦੇਸ਼ਾ ਵਿਚ ਵੀ ਸਿੱਖਾਂ ਵਲੋਂ ਪੰਜਾਬ’ਚ ਜਾਂ ਲੋੜਵੰਦ ਲਾਇਕ ਵਿਦਿਆਰਥੀਆਂ ਦੀ ਵਿਦਿਆ ਦੀ ਪ੍ਰਾਪਤੀ ਲਈ ਕੋਈ ਵੱਡੇ ਫੰਡ ਨਹੀ ਸਥਾਪਤ ਕੀਤੇ ਗਏ ਅਤੇ ਸਾਡਾ ਸਾਰਾ ਜੋਰ ਗੁਰਦੁਆਰਿਆਂ ਦੀ ਰਾਜਨੀਤੀ ਤੱਕ ਹੀ ਸੀਮਤ ਹੈ।

ਸਟੇਜ ਦੀ ਸਮੁੱਚੀ ਕਾਰਵਾਈ ਸ਼੍ਰ: ਸਤਿਨਾਮ ਸਿੰਘ ਜੌਹਲ, ਜੋ ਕਿ ਸੁਸਾਇਟੀ ਦੇ ਪ੍ਰਧਾਨ ਹਨ,  ਹੋਰਾਂ ਨਿਭਾਈ। ਆਖਰ ਵਿਚ ਡਾਕਟਰ ਪੂਰਨ ਸਿੰਘ ਗਿਲ ਅਤੇ ਸ੍ਰ: ਚਰਨਜੀਤ ਸਿੰਘ ਰੰਧਾਵਾ ਵਲੋਂ ਵਿਦਿਵਾਨਾਂ ਦਾ ਸਨਮਾਨ ਕੀਤਾ ਗਿਆ ਅਤੇ ਸਮੂਹ ਹਾਜ਼ਰ ਸੰਗਤਾਂ ਵਲੋਂ ਸਹਿਯੋਗ ਦਾ ਧੰਨਵਾਦ ਕੀਤਾ ਗਿਆ।

Comments are closed.

Sikh Marg Latest Edition