Badal’s religious and political downfall

Badal’s religious and political downfall:            ਬਾਦਲ ਦੀ ਧਾਰਮਿਕ ਅਤੇ ਸਿਆਸੀ ਖੁੱਦਕੁਸ਼ੀ
-: ਗੁਰਦਰਸ਼ਨ ਸਿੰਘ ਢਿੱਲੋਂ

ਬੜੇ ਹੀ ਦੁੱਖ ਅਤੇ ਚਿੰਤਾ ਦੀ ਗੱਲ ਹੈ ਕਿ ਜਿਸ ਢੰਗ ਨਾਲ ਸਿੱਖ ਧਾਰਮਿਕ ਸਥਾਨਾਂ ਦੇ ਪ੍ਰਬੰਧ ਨੂੰ ਲੈਕੇ ਸਿੱਖਾਂ ਦੇ ਸਿਆਸੀ ਘਟਨਾਕ੍ਰਮ ਨੇ ਸਾਰੀ ਦੁਨੀਆਂ ਵਿੱਚ ਵਸਦੇ ਸਿੱਖਾਂ ਦੇ ਹਿਰਦਿਆਂ ਨੂੰ ਵਲੂੰਦਰ ਕੇ ਰੱਖ ਦਿੱਤਾ ਹੈ। ਹੈਰਾਨੀ ਦੀ ਗੱਲ ਹੈ ਸਿੱਖ ਸਿਆਸਤ ਤੇ ਸਿਰਫ ਇਕੋ ਗੱਲ ਦਾ ਫਿਕਰ ਜਾਪਦਾ ਹੈ ਕਿ ਕਿਸੇ ਨਾ ਕਿਸੇ ਢੰਗ ਨਾਲ ਬਾਦਲ ਪਰਿਵਾਰ ਦਾ ਸਿੱਖ ਸੰਸਥਾਵਾਂ ਅਤੇ ਜੱਥੇਬੰਦੀਆਂ ’ਤੇ ਜੋ ਕਬਜਾ ਚੱਲ ਰਿਹਾ ਹੈ ਉਹ ਕਾਇਮ ਰਹਿਣਾ ਚਾਹੀਦਾ ਹੈ, ਚਾਹੇ ਇਸ ਸਾਰੇ ਘਟਨਾਕ੍ਰਮ ਵਿੱਚ ਸਿੱਖ ਪਰੰਪਰਾਵਾਂ ਅਤੇ ਅਦਾਰੇ ਖਤਮ ਹੀ ਹੋ ਜਾਣ। ਗੱਲ ਨਿਬੜ ਕੇ ਸਿਰਫ ਅਤੇ ਸਿਰਫ ਕਬਜ਼ਿਆਂ ਦੀ ਰਹਿ ਜਾਂਦੀ ਹੈ, ਇਸਦੇ ਪਿੱਛੇ ਸਿੱਖ ਪਰੰਪਰਾਵਾਂ, ਜਿਨ੍ਹਾਂ ਨੂੰ ਕਾਇਮ ਰੱਖਣ ਲਈ ਸਦੀਆਂ ਦੀਆਂ ਸਿੱਖ ਸ਼ਹਾਦੱਤਾਂ ਦਾ ਇਤਿਹਾਸ ਹੈ, ਉਸਨੂੰ ਅੱਖਾਂ ਉਹਲੇ ਕੀਤਾ ਜਾ ਰਿਹਾ ਹੈ।

ਜੇ ਸਿੱਖ ਇਤਿਹਾਸ ’ਤੇ ਨਜ਼ਰ ਮਾਰੀਏ ਇਸ ਕਿਸਮ ਦੀ ਸਥਿਤੀ ਸਿੱਖ ਕੌਮ ਅੱਗੇ ਦੋ ਵਾਰ ਦਰਪੇਸ਼ ਹੁੰਦੀ ਹੈ। ਦਸਵੇਂ ਪਾਤਸ਼ਾਹ ਨੇ ਤਿਨ ਸਿੱਖ ਵਿਰੋਧੀ ਤਾਕਤਾਂ ਦਾ ਮੁਕਾਬਲਾ ਕੀਤਾ।

ਇਕ ਤਾਕਤ ਸੀ ਹਿੰਦੂ ਪਹਾੜੀ ਰਾਜਿਆਂ ਦੀ, ਦੂਜੀ ਮੁਗਲ ਸਲਤਨਤ ਅਤੇ ਤਿਜੀ ਸਿੱਖੀ ਦੇ ਘਰ ਵਿੱਚ ਹੀ ਸਿੱਖੀ ਨੂੰ ਘੁੱਣ ਵਾਂਗੂੰ ਖਾਣ ਲੱਗੀ ਮਸੰਦ ਪ੍ਰਥਾ ਦੀ। ਬਾਹਰ ਬੈਠੇ ਦੁਸ਼ਮਣਾਂ ਨੂੰ ਪਹਿਚਾਨਣਾ ਸੌਖਾ ਸੀ, ਪ੍ਰੰਤੂ ਅੰਦਰ ਬੈਠੇ ਦੁਸ਼ਮਣ ਨੂੰ ਖਤਮ ਕਰਨਾ ਸੱਭ ਤੋਂ ਲਾਜ਼ਮੀ ਅਤੇ ਔਖਾ ਸੀ। ਦਸਵੇਂ ਪਾਤਸ਼ਾਹ ਨੇ ਮਸੰਦ ਪ੍ਰਥਾ ਦਾ ਜ਼ਹਿਰ ਆਪਣੇ ਹੱਥੀਂ ਹੀ ਖਤਮ ਕਰ ਦਿੱਤਾ।

ਦੂਸਰੀ ਇਸ ਕਿਸਮ ਦੀ ਸਥਿਤੀ ਸਿੱਖ ਰਾਜ ਤੋਂ ਬਾਅਦ ਸਿੱਖਾਂ ਨੂੰ ਦਰਪੇਸ਼ ਹੋਈ। ਸਿੱਖਾਂ ਦੇ ਦੁਸ਼ਮਣ ਅੰਗਰੇਜੀ ਬਸਤੀਵਾਦ ਰਾਜ, ਬ੍ਰਾਹਮਣਵਾਦ, ਸਿੱਖ ਧਾਰਮਿਕ ਅਸਥਾਨਾਂ ਤੇ ਕਾਬਜ ਨਿਰਮਲੇ, ਉਦਾਸੀ, ਪੁਜਾਰੀ ਅਤੇ ਮਹੰਤ ਸਨ। ਸਿੱਖ ਧਾਰਮਿਕ ਅਸਥਾਨਾਂ ਤੋਂ ਅੰਗਰੇਜ ਬਸਤੀਵਾਦੀ ਤਾਕਤ ਦੇ ਹੱਥ ਠੋਕੇ ਪੁਜਾਰੀਆਂ ਤੇ ਮਹੰਤਾਂ ਨੂੰ ਬੇਦਖਲ ਕਰਨ ਲਈ ਸ਼੍ਰੋਮਣੀ ਅਕਾਲੀ ਦੱਲ ਨੂੰ ਇਕ ਵੱਡੀ ਜੱਦੋ ਜਹਿਦ ਕਰਨੀ ਪਈ। ਇਸ ਵਿੱਚ 400 ਤੋਂ ਵੱਧ ਸਿੱਖ ਸ਼ਹੀਦ ਹੋਏ ਅਤੇ 30000 ਤੋਂ ਵੱਧ ਜੇਲ੍ਹਾਂ ਵਿੱਚ ਗਏ ਅਤੇ ਅਨੇਕਾਂ ਸਿੱਖਾਂ ਨੂੰ ਨੌਕਰੀਆਂ ਗੁਆਉਣੀਆਂ ਪਈਆਂ। ਇਸੇ ਵੇਲੇ ਬਸਤੀਵਾਦੀ ਹਕੂਮਤ ਨੇ ਸ੍ਰੀ ਅਕਾਲ ਤਖਤ ’ਤੇ ਆਪਣੇ ਨੁਮਾਂਇਦਿਆਂ ਨੂੰ ਬਿਠਾ ਕੇ ਪ੍ਰੋਫੈਸਰ ਗੁਰਮੁੱਖ ਸਿੰਘ, ਕਾਮਾਗਾਟਾ ਵਾਲੇ ਭਾਈ ਗੁਰਦਿੱਤ ਸਿੰਘ ਅਤੇ ਅਨੇਕਾਂ ਹੋਰ ਸੁਹਿਰਦ ਸਿੱਖਾਂ ਨੂੰ ਜੋ ਕਿ ਦੇਸ਼ਾਂ ਵਿਦੇਸ਼ਾਂ ਵਿੱਚ ਅਜਾਦੀ ਦੀ ਜੰਗ ਵਿੱਚ ਆਪਾ ਵਾਰ ਰਹੇ ਸਨ ਨੂੰ ਪੰਥ ਵਿੱਚੋਂ ਛਿਕਵਾਇਆ ਗਿਆ।

ਇਥੇ ਹੀ ਬੱਸ ਨਹੀਂ ਬਸਤੀਵਾਦੀ ਹਕੂਮਤ ਦੇ ਹੱਥਠੋਕੇ ਜੱਥੇਦਾਰ ਤੋਂ ਜਰਨਲ ਡਾਇਰ ਨੂੰ ਵੀ ਅਕਾਲ ਤਖਤ ’ਤੇ ਬੁਲਾ ਕੇ ਸਨਮਾਨਿਤ ਕਰਾਇਆ ਗਿਆ। ਐਥੇ ਇਹ ਗੱਲ ਖਾਸ ਤੌਰ ‘ਤੇ ਵਰਨਣ ਯੋਗ ਹੈ ਕਿ ਇਨ੍ਹਾਂ ਸਾਰੀਆਂ ਹਰਕਤਾਂ ਨਾਲ ਸ੍ਰੀ ਅਕਾਲ ਤਖਤ ਦੀ ਮਾਨ ਮਰਿਆਦਾ ਅਤੇ ਪ੍ਰੰਮਪਰਾਵਾਂ ਤੇ ਕੋਈ ਅਸਰ ਨਹੀਂ ਪਿਆ ਬਲਕਿ ਉਨ੍ਹਾਂ ਸ਼ਕਤੀਆਂ ਬਾਰੇ ਸਿੱਖਾਂ ਦੇ ਦਿਲਾਂ ਵਿੱਚ ਨਫਰਤ ਦੀ ਭਾਵਨਾ ਜਾਗ ਗਈ ਜਿਨ੍ਹਾਂ ਨੇ ਆਪਣੇ ਹੱਥਠੋਕੇ ਜੱਥੇਦਾਰਾਂ ਤੋਂ ਇਸ ਕਿਸਮ ਦੀਆਂ ਗੈਰ ਸਿੱਖ ਹਰਕਤਾਂ ਕਰਾਈਆਂ ਸਨ। ਪਾਠਕਾਂ ਨੂੰ ਯਾਦ ਹੋਵੇਗਾ ਕਿ ਪਿੱਛੇ ਜਿਹੇ ਜੱਥੇਦਾਰ ਪੂਰਨ ਸਿੰਘ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਸਿੱਖ ਲਵ-ਕੁਸ਼ ਦੀ ਔਲਾਦ ਹਨ। ਕੀ ਅਸੀਂ ਮੰਨ ਲਈਏ ਕਿ ਇਹ ਹੁਕਮਨਾਮਾ ਸ੍ਰੀ ਅਕਾਲ ਤਖਤ ਦਾ ਸੀ? ਜਾਂ ਕਿ ਇਕ ਜ਼ਰਖਰੀਦ ਅਖੌਤੀ ਜੱਥੇਦਾਰ ਦਾ?

 ਅਜੋਕੇ ਸਮੇਂ ਵਿੱਚ ਵੀ ਪੰਥ ਇਸੇ ਕਿਸਮ ਦੀ ਸਥਿਤੀ ਵਿੱਚੋਂ ਹੀ ਗੁਜ਼ਰ ਰਿਹਾ ਹੈ।ਭਾਰਤ ’ਤੇ ਰਾਜ ਕਰ ਰਹੀ ਆਰ. ਐਸ. ਐਸ./ ਭਾਜਪਾ ਜੁੰਡਲੀ ਸਿੱਖਾਂ ਦੀ ਵੱਖਰੀ ਪਹਿਚਾਣ ਤੇ ਸਵਾਲੀਆ ਨਿਸ਼ਾਨ ਲਗਾ ਰਹੀ ਹੈ ਅਤੇ ਮੌਜੂਦਾ ਅਕਾਲੀ ਦੱਲ ਉਨ੍ਹਾਂ ਦੀ ਹਰ ਗੱਲ ਤੇ ਫੁੱਲ ਝੜਾਉਣ ਲਈ ਯਤਨਸ਼ੀਲ ਹੈ। ਸ਼੍ਰੋਮਣੀ ਅਕਾਲੀ ਦਲ ਜੋ ਕਿ ਸਿੱਖਾਂ ਦੀ ਵੱਖਰੀ ਪਹਿਚਾਣ ਨੂੰ ਕਾਇਮ ਰੱਖਣ ਲਈ ਹੋਂਦ ਵਿੱਚ ਆਇਆ ਸੀ, ਉਸਦਾ ਵਿਧਾਨ ਬਦਲ ਦਿੱਤਾ ਗਿਆ ਹੈ ਅਤੇ ਉਸਨੂੰ ਪੰਜਾਬੀ ਪਾਰਟੀ ਬਣਾਕੇ ਸੈਕੂਲਰ ਜੱਥੇਬੰਦੀ ਵਿੱਚ ਬਦਲ ਦਿਤਾ ਗਿਆ ਹੈ। ਇਥੇ ਸਵਾਲ ਪੈਦਾ ਹੁੰਦਾ ਹੈ ਕਿ ਕੀ ਬਾਦਲ ਅਕਾਲੀ ਦਲ ਇਕ ਸੈਕੂਲਰ ਪੰਜਾਬੀ ਪਾਰਟੀ ਹੈ ਤਾਂ ਇਸਨੂੰ ਸਿੱਖ ਗੁਰਦੁਆਰਿਆਂ ਤੇ ਕੰਟਰੌਲ ਕਰਨ ਦਾ ਕੋਈ ਵੀ ਮੌਲਿਕ ਅਧਿਕਾਰ ਨਹੀਂ ਨਾ ਹੀ ਉਨ੍ਹਾਂ ਨੂੰ ਗੁਰਦੁਆਰਿਆਂ ਦੇ ਪ੍ਰਬੰਧ ਬਾਰੇ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਗੁਜਾਰੀ ਦੇ ਸੰਧਰਭ ਵਿੱਚ ਆਵਾਜ਼ ਉਠਾਉਣੀ ਚਾਹੀਦੀ ਹੈ।

ਇਥੇ ਅਸੀਂ ਸਪਸ਼ਟ ਤੌਰ ‘ਤੇ ਦਸ ਦੇਣਾ ਚਾਹੁੰਦੇ ਹਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਟੁਕੜੇ ਕਰਨ ਦੇ ਹੱਕ ਵਿੱਚ ਨਹੀਂ, ਬਲਕਿ ਜੋ ਪਹਿਲਾਂ ਹੀ ਟੁੱਟ ਚੁੱਕੇ ਹਨ, ਉਨ੍ਹਾਂ ਨੂੰ ਜੋੜਣ ਦੇ ਹੱਕ ਵਿੱਚ ਹਾਂ। ਸਾਡਾ ਇੱਕ ਸਵਾਲ ਹੈ ਕਿ ਕੀ ਬਾਦਲ ਸਾਹਿਬ ਆਵਾਜ਼ ਉਠਾਉਣਗੇ ? ਕਿ ਦਿੱਲੀ ਗੁਰਦੁਆਰਾ ਮੈਨਜਮੈਂਟ ਨੂੰ ਤੋੜਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਮਿਲਾ ਦਿਤਾ ਜਾਵੇ ? ਮੇਰੇ ਵਿਚਾਰ ਵਿੱਚ ਬਾਦਲ ਸਾਹਿਬ ਅਜੇਹਾ ਨਹੀਂ ਕਰਨਗੇ ਕਿਉਂਕਿ ਦਿੱਲੀ ਦੇ ਗੁਰਦੁਆਰਿਆਂ ਦਾ ਕੰਟਰੌਲ ਵੀ ਉਨ੍ਹਾਂ ਦੇ ਆਪਣੇ ਸ਼ਰਧਾਲੂਆਂ ਕੋਲ ਹੀ ਹੈ। ਪਰੰਤੂ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੇਕਰ ਹਰਿਆਣਾ ਵਿੱਚ ਰਹਿ ਰਹੇ ਸਿੱਖ ਆਪਣੇ ਗੁਰਦੁਆਰਿਆ ਦੀ ਸੇਵਾ ਸੰਭਾਲ ਲਈ ਇਕ ਵੱਖਰੀ ਕਮੇਟੀ ਚਾਹੁੰਦੇ ਹਨ ਤਾਂ ਇਨ੍ਹੀ ਜਿਆਦਾ ਤਕਲੀਫ ਕਿਉਂ? ਕੁੱਝ ਘੰਟਿਆਂ ਦੇ ਘਰਨਾਕ੍ਰਮ ਨਾਲ ਛੇਤੀ ਛੇਤੀ ਪੀ.ਏ.ਸੀ ਦੀ ਮੀਟਿੰਗ ਬੁਲਾਈ ਗਈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਮ ਕਮੇਟੀ ਬੁਲਾਕੇ ਜੱਥੇਦਾਰਾਂ ਤੋਂ ਹਰਿਆਣਾ ਦੇ ਤਿਨ ਸਿੱਖਾਂ ਨੂੰ ਪੰਥ ਵਿੱਚੋਂ ਛੇਕਣ ਦਾ ਐਲਾਨ ਕਰਾ ਦਿੱਤਾ ਗਿਆ। ਇਹ ਸਾਰਾ ਕੁੱਝ ਐਨੀ ਜਿਆਦਾ ਜਲਦੀ ਅਤੇ ਤੇਜੀ ਵਿੱਚ ਕਰਵਾਇਆ ਗਿਆ ਕਿ ਸਾਰੇ ਸਿੱਖ ਜਗਤ ਵਿੱਚ ਇਕ ਭੂਚਾਲ ਆ ਗਿਆ। ਸਾਰੀ ਸਿੱਖ ਕੌਮ ਇਕਦੱਮ ਚੌਂਕ ਗਈ ਕਿ ਇਹ ਕੀ ਹੋ ਗਿਆ ਹੈ।

ਹੁਣ ਸਵਾਲ ਪੈਦਾ ਹੁੰਦਾ ਹੈ ਕਿ ਇਹ ਕਿਉਂ ਹੋਇਆ ਕੀ ਇਸਨੂੰ ਟਾਲਿਆ ਜਾ ਸਕਦਾ ਸੀ ਜਾਂ ਨਹੀਂ? ਇਹ ਗੱਲ ਬੜੀ ਸਿਆਨਪ ਅਤੇ ਦਿਆਨਤਦਾਰੀ ਨਾਲ ਟਲ ਸਕਦੀ ਸੀ, ਜੇਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਮਾਨਦਾਰੀ ਅਤੇ ਸੱਚਾਈ ਨਾਲ ਬੇਇਮਾਨੀ ਤੋਂ ਉਪਰ ਉਠ ਕੇ ਸਿੱਖੀ ਦੇ ਅਨੂਕੂਲ ਮੁਖਾਤਿਬ ਹੋਕੇ ਚਲਾਇਆ ਜਾਂਦਾ ਤਾਂ ਇਹ ਸਥਿਤੀ ਨਹੀਂ ਸੀ ਹੋਣੀ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਲਾਉਣ ਵਾਲਿਆਂ ’ਤੇ ਕਾਫੀ ਲੰਬੇ ਅਰਸੇ ਤੋਂ ਖੁੱਲੇ ਤੌਰ ’ਤੇ ਰਿਸ਼ਵਤਖੋਰੀ ਦੇ ਇਲਜ਼ਾਮ ਲਗਦੇ ਆ ਰਹੇ ਹਨ। ਇਨ੍ਹਾਂ ਇਲਜ਼ਾਮਾਂ ਨੂੰ ਨਿਵਿਰਤ ਕਰਨ ਲਈ ਇਸ ਕਮੇਟੀ ਦੇ ਹੁਕਮਰਾਨਾ ਨੇ ਕੋਈ ਵੀ ਸਪਸ਼ਟੀਕਰਨ ਨਹੀਂ ਦਿੱਤਾ ਜਿਸ ’ਤੇ ਸਿੱਖਾਂ ਨੂੰ ਤਸੱਲੀ ਹੋ ਜਾਵੇ।ਇਕ ਸਵਾਲ ਆਮ ਚਰਚਾ ਦਾ ਵਿਸ਼ਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਮੀਨਾਂ ਅਤੇ ਜਾਇਦਾਤਾਂ ਨੂੰ ਮਾਰਕੀਟ ਤੋਂ ਬਹੁੱਤ ਘੱਟ ਰੇਟਾਂ ਤੇ ਆਪਣੇ ਪਿਠੂਆਂ ਅਤੇ ਰਿਸ਼ਤੇਦਾਰਾਂ ਨੂੰ ਦਿੱਤੀਆਂ ਜਾਂਦੀਆਂ ਹਨ। ਪਿੰਡਾਂ ਵਿੱਚ ਜ਼ਮੀਨਾਂ ਦੇ ਠੇਕੇ 40000 ਤੋਂ 50000 ਪ੍ਰਤੀ ਏਕੜ ਤੱਕ ਪਹੁੰਚ ਚੁੱਕੇ ਹਨ, ਪ੍ਰੰਤੂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜ਼ਮੀਨਾਂ ਸੈਕੜਿਆਂ ਅਤੇ ਵੱਡੇ ਅਰਸੇ ਲਈ ਲੀਜ਼ ਤੇ ਦਿੱਤੀਆਂ ਗਈਆਂ ਹਨ। ਇਸੇ ਤਰ੍ਹਾਂ ਦਾ ਹਾਲ ਸ਼ਹਿਰੀ ਜਾਇਦਾਦ ਦਾ ਹੈ। ਪਹਿਲਾਂ ਦਰਬਾਰ ਸਾਹਿਬ ਤੋਂ ਕੀਰਤਨ ਟੈਲੀਕਾਸਟ ਕਰਨ ਦਾ ਟੈਲੀਵਿਜ਼ਨ ਕੰਪਨੀਆਂ ਕਰੋੜਾਂ ਰੁਪਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿਆ ਕਰਦੀਆਂ ਸਨ, ਪਰੰਤੂ ਹੁਣ ਗੱਲ ਬਿਲਕੁੱਲ ਉਲਟ ਹੋ ਗਈ ਹੈ ਕਿਉਂਕਿ ਹੁਣ ਵਾਲੀ ਕੰਪਨੀ ਬਾਦਲ ਪਰਿਵਾਰ ਦੀ ਹੈ।

ਇਸੇ ਤਰ੍ਹਾਂ ਕੁੱਝ ਅਦਾਰੇ ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਰਮਾਏ ਦੀ ਲਾਗਤ ਨਾਲ ਹੋਂਦ ਵਿੱਚ ਆਏ ਸਨ ਉਨ੍ਹਾਂ ਨੂੰ ਨਿਜੀ ਟਰੱਸਟਾਂ ਵਿੱਚ ਤਬਦੀਲ ਕਰਕੇ ਬਾਦਲ ਪਰਿਵਾਰ ਨੂੰ ਸੋਂਪ ਦਿੱਤਾ ਗਿਆ ਹੈ। ਟੀ. ਏ./ਡੀ. ਏ. ਦੇ ਰੂਪ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਰੋੜਾਂ ਰੁਪਿਆ ਖਾਦਾ ਜਾ ਰਿਹਾ ਹੈ। ਇਹ ਪੈਸਾ ਕਈ ਕੇਸਾਂ ਵਿੱਚ ਇਨ੍ਹਾਂ ਜਿਆਦਾ ਹੈ ਕਿ ਜੇ ਉਹ ਕਾਰਕੁੰਨ ਸਾਲ ਦੇ ਵਿੱਚ 365 ਦਿਨਾਂ ਵਿੱਚ ਹਰ ਰੌਜ਼ ਸੈਕੜੇ ਮੀਲ ਸਫਰ ਕਰਨ ਤਾਂ ਸ਼ਾਇਦ ਇਹ ਪੂਰਾ ਹੀ ਨਾ ਹੋ ਸਕੇ। ਇਹ ਸਾਰਾ ਕੁੱਝ ਸਿੱਖਾਂ ਦੇ ਜ਼ਿਹਨ ਵਿੱਚ ਹੈ ਅਤੇ ਉਹ ਇਨ੍ਹਾਂ ਗੱਲਾਂ ਦਾ ਸਾਫ ਅਤੇ ਇਮਾਨਦਾਰ ਜਵਾਬ ਚਾਹੁੰਦੇ ਹਨ।

ਸਿੱਖ ਜਗਤ ਦੇ ਸਬਰ ਦਾ ਪਿਆਲਾ ਭੱਰ ਚੁੱਕਿਆ ਹੈ। ਸਿੱਖਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਉਮੀਦ ਸੀ ਕਿ ਸਿੱਖਾਂ ਵਿੱਚ ਆ ਰਹੇ ਪਤਿਤਪੁਣੇ ਦੇ ਨਿਘਾਰ ਤੋਂ ਨਿਜ਼ਾਤ ਦਵਾਈ ਜਾਵੇ। ਸਿੱਖ ਜਵਾਨੀ ਨੂੰ ਨਸ਼ਿਆਂ ਨੇ ਆਪਣੀ ਗ੍ਰਿਫਤ ਵਿੱਚ ਲੈ ਲਿਆ ਹੈ, ਉਸਨੂੰ ਇਸ ਅਲਾਮੱਤ ਤੋਂ ਛੁਟਕਾਰਾ ਦਵਾਇਆ ਜਾਵੇ। ਪੰਜਾਬ ਵਿੱਚ ਛੋਟੇ ਜ਼ਮੀਂਦਾਰ ਰੌਜਾਨਾ ਖੁੱਦਕੁਸ਼ੀਆਂ ਕਰ ਰਹੇ ਹਨ, ਉਨ੍ਹਾਂ ਨੂੰ ਇਸ ਸੰਕਟ ਵਿੱਚੋਂ ਕਢਿਆ ਜਾਵੇ।

ਅਖੀਰ ਵਿੱਚ ਮੇਰੀ ਬਾਦਲ ਸਾਹਿਬ ਅੱਗੇ ਬੇਨਤੀ ਹੈ ਕਿ ਹੁੱਣ ਵਕਤ ਬਹੁੱਤ ਥੋੜ੍ਹਾ ਰਹਿ ਗਿਆ ਹੈ ਅਤੇ ਇਸ ਸਮੇਂ ਨੂੰ ਪਰਿਵਾਰ ਦੇ ਮੋਹ ਤੋਂ ਉਪਰ ਉਠ ਕੇ ਪੰਥ ਅਤੇ ਪੰਜਾਬ ਪ੍ਰਤੀ ਕੁੱਝ ਚੰਗੇ ਕੰਮ ਵੀ ਕਰ ਜਾਉ, ਤਾਂਕਿ ਆਉਣ ਵਾਲੀਆਂ ਪੀੜੀਆਂ ਯਾਦ ਕਰਨ। ਇਕ ਬਹੁੱਤ ਵੱਡੇ ਫਿਲਾਸਫਰ ਨੇ ਇਕ ਗੱਲ ਕਹੀ ਹੈ ਕਿ “ਉਸ ਆਦਮੀ ਨੂੰ ਤੁਸੀਂ ਨਸੀਬ ਵਾਲਾ ਕਹੋਗੇ ਜਿਸਦਾ ਅੰਤ ਠੀਕ ਹੋਵੇ” (you cannot call a man lucky unless you have seen his end) ਬਾਦਲ ਸਾਹਿਬ ਸੁਆਰੱਥ ਤੋਂ ਉਪਰ ਉਠ ਕੇ ਪੰਥ ਨੂੰ ਸਮਰਪਿਤ ਹੋ ਜਾਵੋ। ਪੰਥਕ ਅਦਾਰਿਆਂ ਨੂੰ ਨਾਸ ਹੋਣ ਤੋਂ ਬਚਾ ਲਉ। ਇਹ ਮੌਕਾ ਦੁਬਾਰਾ ਨਹੀਂ ਆਉਣਾ।

ਗੁਰਦਰਸ਼ਨ ਸਿੰਘ ਢਿੱਲੋਂ
ਰਿਟਾ. ਪ੍ਰੋਫੈਸਰ ਆਫ ਹਿਸਟਰੀ
ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ
ਮੋਬਾਈਲ: 9815143911

Comments are closed.

Sikh Marg Latest Edition