Dushman jaanda ha k Sikh Sri Guru Granth Sahib nalon tut ke khatam ho jaange

ਦੁਸ਼ਮਣ ਜਾਣਦਾ ਹੈ ਕਿ ਆਪਣੀ ਬੁਨਿਆਦ, ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲੋਂ ਉਖੜ ਕੇ ਸਿੱਖ ਆਪਣੇ ਆਪ ਹੀ ਖਤਮ ਹੋ ਜਾਣਗੇ
- ਡਾ. ਗੁਰਦਰਸ਼ਨ ਸਿੰਘ ਢਿੱਲੋਂ
• ਗੁਰੂ ਅਰਜੁਨ ਸਾਹਿਬ ਨੇ ਇਕ ਬਹੁੱਤ ਮਹੱਤਵਪੂਰਨ ਬਿਆਨ ਦਿੱਤਾ ਹੈ, ਉਹ ਇਹ ਕਿ “ਪੋਥੀ ਪਰਮੇਸਰ ਕਾ ਥਾਨੁ॥”

ਚੰਡੀਗੜ੍ਹ (ਮਨਜੀਤ ਸਿੰਘ ਖਾਲਸਾ): ਸੈਕਟਰ 46 ਦੇ ਗੁਰਦੁਆਰਾ ਸਾਹਿਬ ਵਿੱਚ ਪਿਛਲੇ ਦਿੱਨੀ, ਗੁਰੂ ਗ੍ਰੰਥ ਦਾ ਖਾਲਸਾ ਪੰਥ “ਵਿਸ਼ਵ ਚੇਤਨਾ ਲਹਿਰ” ਵਲੋਂ ਇਕ ਸੈਮੀਨਾਰ ਕਰਵਾਇਆ ਗਿਆ ਜਿਸ ਦਾ ਵਿਸ਼ਾ ਸੀ “ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵੋਚਤਾ” ਉੱਘੇ ਇਤਹਾਸਕਾਰ ਡਾ. ਗੁਰਦਰਸ਼ਨ ਸਿੰਘ ਢਿੱਲੋਂ ਨੇ ਕਿਹਾ ਕਿ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵ-ਉੱਚਤਾ ਦੀ ਗੱਲ ਕਹਿਣ ਦੀ ਲੋੜ ਹੀ ਨਹੀਂ, ਕਿਉਂਕਿ ਕਿਸੇ ਸਵੈ-ਸਪਸ਼ਟ ਗੱਲ ਨੂੰ ਕਹਿਣ ਦੀ ਲੋੜ ਉਦੋਂ ਮਹਿਸੂਸ ਹੁੰਦੀਂ ਹੈ ਜਦੋਂ ਅਸੀਂ ਕਮਜ਼ੋਰ ਹੁੰਦੇ ਹਾਂ, ਜਾਂ ਜਦੋਂ ਅਸੀਂ ਉਸ ਗੱਲ ਨੂੰ ਸਮਝਦੇ ਹੀ ਨਹੀਂ ਅਤੇ ਜਾਂ ਜਦੋਂ ਉਹ ਸਾਡੀ ਸਮਝ ਤੋਂ ਉਪਰ ਦੀ ਗੱਲ ਹੋਵੇ। ਜੇਕਰ ਸਿੱਖ ਇਹ ਕਹਿਣ ਕਿ ਅਸੀਂ ਹਿੰਦੂ ਨਹੀਂ, ਤਾਂ ਇਹ ਰੱਖਿਆਤਮਕ (defensive) ਗੱਲ ਹੈ।ਜੋ ਆਪਣੇ ਆਪ ਵਿੱਚ ਕੁੱਝ ਕਮਜੋਰ ਲਗਦੀ ਹੈ। ਦੁਨੀਆਂ ਵਿੱਚ ਜਦੋਂ ਵੀ ਕੋਈ ਲੜਾਈ ਹੁੰਦੀ ਹੈ ਉਹ ਰੱਖਿਆਤਮਕ (defensive) ਨਾਂਹ ਹੋ ਕੇ ਆਕਰਮਣਾਤਮਕ (offensive) ਹੋਣੀ ਚਾਹੀਦੀ ਹੈ। ਆਕਰਮਣਾਤਮਕ ਗੱਲ ਤਾਂ ਹੁੰਦੀ ਹੈ ਜੇਕਰ ਤੁਸੀਂ ਆਪਣੀ ਗੱਲ ਕਰਦੇ ਚਲੇ ਜਾਉ। ਖ਼ੈਰ, ਸਿੱਖ ਅੱਜਕੱਲ ਕਾਫ਼ੀ ਜ਼ਿਆਦਾ ਕਮਜ਼ੋਰ ਹੋ ਰਹੇ ਲਗਦੇ ਹਨ।

ਪਹਿਲਾਂ ਇਹ ਗੱਲ ਕਹੀ ਜਾਂਦੀ ਸੀ ਕਿ ‘ਪੰਥ ਖਤਰੇ ਵਿੱਚ ਹੈ’, ਜੋ ਕਾਫ਼ੀ ਦਹਾਕੇ ਹੁੰਦੀ ਰਹੀ। ਦੂਜੀ ਗੱਲ ਅਸੀਂ ਅੱਜਕੱਲ ਸੁਣ ਰਹੇ ਹਾਂ ਕਿ ‘ਗ੍ਰੰਥ ਖ਼ਤਰੇ ਵਿੱਚ ਹੈ’। ਪਹਿਲਾਂ ਪੰਥ ਖ਼ਤਰੇ ਵਿੱਚ ਸੀ ਤੇ ਅੱਜ ਗ੍ਰੰਥ ਵੀ ਖ਼ਤਰੇ ਵਿੱਚ ਹੈ। ਡਾ. ਗੁਰਦਰਸ਼ਨ ਸਿੰਘ ਨੇ ਕਿਹਾ ਕਿ ਅਸੀਂ ਆਪਣੀ ਗੱਲ ਸਹੀ ਢੰਗ ਨਾਲ ਕਹਿ ਨਹੀਂ ਸਕੇ ਅਤੇ ਨਾ ਹੀ ਆਪਣੇ ਵਿਰੋਧੀਆਂ ਨੂੰ ਸਮਝਾ ਸਕੇ ਹਾਂ- ਜਿਨ੍ਹਾਂ ਨੂੰ ਅਸੀਂ ਆਪਣੇ ਵਿਰੋਧੀ ਸਮਝਦੇ ਹਾਂ।

ਦਸਮ-ਗ੍ਰੰਥ ਨਾਮੀ ਇਕ ਗ੍ਰੰਥ, ਜਿਸਦੀ ਕੋਈ ਬੁਨਿਆਦ ਨਹੀਂ, ਇਕ ਸੋਚੀ ਸਮਝੀ ਸਾਜ਼ਿਸ਼ ਅਧੀਨ ਜ਼ਬਰਦਸਤੀ ਸਿੱਖਾਂ ਅਤੇ ਸਿੱਖੀ ਉਪਰ ਥੋਪਿਆ ਜਾ ਰਿਹਾ ਹੈ। ਇਸਲਈ ਇਸ ਪੁਸਤਕ ਬਾਰੇ ਵਿਚਾਰ ਕਰਨੀ ਜ਼ਰੂਰੀ ਹੈ। ਅੱਜੋਕੇ ਜਾਂ ਆਧੁਨਿਕ ਯੁਗ ਵਿੱਚ, ਕਿਸੇ ਗ੍ਰੰਥ ਦੀ ਪ੍ਰਮਾਣਿਕਤਾ ਪਰਖਣ ਲਈ ਦੁਨੀਆਂ ਦੇ ਵਿਦਵਾਨਾਂ ਨੇ ਕੁੱਝ ਮਿਆਰ ਨਿਸ਼ਚਿਤ ਕੀਤੇ ਹੋਏ ਹਨ ਜੋ ਹੇਠ ਲਿਖੇ ਅਨੁਸਾਰ ਹਨ:-

ਸੱਭ ਤੋਂ ਪਹਿਲੀ ਗੱਲ ਇਹ ਦੇਖਣੀ ਹੁੰਦੀ ਹੈ ਕਿ ਉਸ ਕਿਤਾਬ ਦੀ ਵਿਸ਼ਾ-ਵਸਤੂ ਜਾਂ ਸਮਗਰੀ (content) ਕੀ ਹੈ ਅਤੇ ਉਹ ਕਿਸ ਕਾਲ ਵਿੱਚ ਲਿਖੀ ਗਈ? ਜੇਕਰ ਉਸ ਦੀ ਸਹੀ ਤਾਰੀਖ਼ ਪਤਾ ਲੱਗ ਜਾਏ, ਤਾਂ ਬਹੁੱਤ ਹੀ ਚੰਗੀ ਗੱਲ ਹੈ, ਅਤੇ ਜੇਕਰ ਨਾ ਪਤਾ ਲਗ ਸਕੇ ਤਾਂ ਥੋੜ੍ਹਾ-ਬਹੁੱਤ ਅਗੇ ਪਿੱਛੇ ਹੋਣ ਨਾਲ ਵੀ ਉਸ ਨੂੰ ਸਮਝਿਆ ਜਾ ਸਕਦਾ ਹੈ।

ਦੂਜੀ ਗੱਲ, ਉਸ ਕਿਤਾਬ ਦਾ ਲਿਖਾਰੀ ਕੌਣ ਹੈ?

ਤੀਜੀ ਗੱਲ, ਲਿਖਾਰੀ ਦੀ ਇਮਾਨਦਾਰੀ, ਭਰੋਸੇਯੋਗਤਾ ਅਤੇ ਨੇਕ-ਨੀਤੀ (integrity) ਦੀ ਹੈ। ਯਾਨਿ ਕਿ, ਉਸ ਦੀ ਪ੍ਰਮਾਣਿਕਤਾ (authenticity) ਕੀ ਹੈ?

ਉਪਰੋਕਤ ਤਿੰਨੇ ਗੱਲਾਂ ਅਖੌਤੀ ਦਸਮ ਗ੍ਰੰਥ ਵਿੱਚ ਮੌਜੂਦ ਨਹੀਂ ਹਨ। ਚਾਹੇ ਕੋਈ ਦਸਮ ਗ੍ਰੰਥ ਦਾ ਸਮਰਥਕ ਹੋਵੇ ਜਾਂ ਵਿਰੋਧੀ, ਉਹ ਸਹਿਜ ਨਾਲ ਬੈਠਕੇ, ਦਲੀਲ-ਪੂਰਵਕ ਇਹ ਗੱਲ ਸਾਬਤ ਨਹੀਂ ਕਰ ਸਕਿਆ, ਕਿ ਉਸ ਗ੍ਰੰਥ ਦਾ ਲਿਖਾਰੀ ਕੌਣ ਹੈ? ਉਸ ਗ੍ਰੰਥ ਦੀ ਲਿਖਣ-ਤਾਰੀਖ਼ ਕੀ ਹੈ? ਉਸ ਦੀ ਪ੍ਰਮਾਣਿਕਤਾ (authenticity) ਕੀ ਹੈ? ਅਖੌਤੀ ਦਸਮ-ਗ੍ਰੰਥ ਬਾਰੇ ਇਹ ਤਿੰਨੇ ਗੱਲਾਂ ਅੱਜ ਤੱਕ ਨਿਸ਼ਚੇ-ਪੂਰਵਕ ਸਾਬਿਤ ਨਹੀਂ ਹੋ ਸਕੀਆਂ। ਲੇਕਿਨ ਦੂਜੇ ਪਾਸੇ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਦਰਭ ਵਿੱਚ ਇਹਨਾਂ ਤਿੰਨੇ ਗੱਲਾਂ ਬਾਰੇ ਕੋਈ ਸ਼ੰਕਾ ਹੀ ਨਹੀਂ ਹੈ।

ਗੁਰੂ ਗ੍ਰੰਥ ਸਾਹਿਬ ਦੀ ਸਰਵ-ਉੱਚਤਾ ਮੇਰੇ ਜਾਂ ਤੁਹਾਡੇ ਕਹਿਣ ਦੀ ਮੁਥਾਜ ਨਹੀਂ ਹੈ। ਗੁਰੂ ਅਰਜੁਨ ਸਾਹਿਬ ਨੇ ਇਕ ਬਹੁੱਤ ਮਹੱਤਵਪੂਰਨ ਬਿਆਨ ਦਿੱਤਾ ਹੈ। ਉਹ ਇਹ ਕਿ “ਪੋਥੀ ਪਰਮੇਸਰ ਕਾ ਥਾਨੁ॥” ਪਹਿਲਾਂ ਗ੍ਰੰਥ ਸਾਹਿਬ ਨੂੰ ਪੋਥੀ ਕਹਿੰਦੇ ਸੀ। ਉਸ ਪੋਥੀ ਨੇ ਇਕ ਐਲਾਨ (declaration) ਕੀਤਾ ਹੈ, ਜਿਸ ਨੂੰ ਸਾਧਾਰਣ ਆਦਮੀ ਲਈ ਸਮਝਣਾ ਥੋੜਾ ਮੁਸ਼ਕਿਲ ਹੈ। ਪਰ ਇਸ ਨੂੰ ਸਮਝਣਾ ਬਹੁੱਤ ਜਰੂਰੀ ਹੈ ਕਿ ਇਹ ਪੋਥੀ ਜਾਂ ਗ੍ਰੰਥ ਪਰਮੇਸ਼ਰ ਦਾ ਥਾਂ ਹੈ।ਇਹ ਬਿਆਨ ਆਪਣੇ ਆਪ ਵਿੱਚ ਬੜਾ ਵਿਆਪਕ (comprehensive) ਅਤੇ ਸੰਪੂਰਨ ਹੈ। ਇਸ ਬਿਆਨ ਤੋਂ ਬਾਅਦ, ਇਸ ਪੋਥੀ ਨੂੰ ਮੰਨਣ ਵਾਲੇ ਸਿੱਖਾਂ ਨੂੰ, ਇਧਰ-ਉਧਰ ਰੱਬ ਦੀ ਭਾਲ ਕਰਨ ਦੀ ਜ਼ਰੂਰਤ ਨਹੀਂ; ਕਿਸੇ ਸਿੱਖ ਨੂੰ ਕਿਸੇ ਤੀਰਥ ਜਾਂ ਕਿਸੇ ਕੁੰਭ ਦੇ ਮੇਲੇ ਵਿੱਚ ਜਾਣ ਦੀ ਜਰੂਰਤ ਨਹੀਂ, ਕਿਉਂਕਿ ਉਸ ਲਈ ਇਹ ਪੋਥੀ ਹੀ ਰੱਬ ਦਾ ਥਾਂ ਹੈ।

ਸਿੱਖਾਂ ਦੇ ਵੱਡੇ ਵਿਦਵਾਨਾਂ ਨੂੰ ਇਹ ਸਮਝਣ ਦੀ ਖ਼ਾਸ ਜਰੂਰਤ ਹੈ, ਕਿ ਇਹ ਪੋਥੀ ਰੱਬ ਹੈ ਇਹ ਕੋਈ ਧਾਰਮਕ ਗੰਥ (scripture) ਨਹੀਂ ਹੈ। ਜਿਆਦਾਤਰ ਵਿਦਵਾਨ ਇਸ ਨੂੰ ਧਾਰਮਕ ਗ੍ਰੰਥ ਕਹਿ ਕੇ ਗੱਲ ਮੁਕਾ ਦਿੰਦੇ ਹਨ। ਪਰ ਇਹ ਕੇਵਲ ਧਾਰਮਕ ਗ੍ਰੰਥ ਨਹੀਂ ਹੈ। ਇਹ ਰੱਬ ਹੈ ਅਤੇ ਇਹ ਗੱਲ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖੀ ਹੋਈ ਹੈ “ਪੋਥੀ ਪਰਮੇਸਰ ਕਾ ਥਾਨੁ” ।ਤਾਂ ਫਿਰ ਕੋਈ ਇਸ ਨੂੰ ਕੇਵਲ ਧਾਰਮਕ ਗ੍ਰੰਥ ਕਿਵੇਂ ਕਹਿ ਸਕਦਾ ਹੈ?

ਸਾਰੀ ਦੁਨੀਆਂ ਦੇ ਧਰਮ-ਗ੍ਰੰਥ ਕੀ ਹਨ? ਉਹ ਸਾਰੇ ਧਰਮ-ਦੁਨੀਆਂ ਦੇ ਮੀਲ ਪੱਥਰ ਹਨ। ਜੋ ਆਦੇਸ਼ ਦੇ ਰਹੇ ਹਨ ਰੱਬ ਕੋਲ ਪਹੁੰਚਣ ਦਾ- ਚਾਹੇ ਉਹ ਹਿੰਦੂਆਂ ਦੇ ਧਾਰਮਕ ਗ੍ਰੰਥ ਹੀ ਕਿਉਂ ਨਾ ਹੋਣ। ਡਾ. ਗੁਰਦਰਸ਼ਨ ਸਿੰਘ ਨੇ ਕਿਹਾ ਕਿ ਮੈਂ ਕਿਸੇ ਦਾ ਵਿਰੋਧ ਨਹੀਂ ਕਰ ਰਿਹਾ, ਬਲਕਿ ਗੁਰੂ ਦੇ ਆਸ਼ੇ ਅਨੁਸਾਰ ਫ਼ਰਕ (differentiation) ਜਰੂਰ ਦੱਸ ਰਿਹਾ ਹਾਂ। ਦੂਜੇ ਸਾਰੇ ਗ੍ਰੰਥ- ਚਾਹੇ ਕੁਰਾਨ, ਬਾਈਬਲ ਜਾਂ ਕੋਈ ਹੋਰ ਧਾਰਮਕ ਗ੍ਰੰਥ ਹੋਵੇ – ਇਹ ਆਦੇਸ਼ ਦੇ ਰਹੇ ਹਨ ਕਿ ਐੇ ਇਨਸਾਨ ਰੱਬ ਨੂੰ ਮਿਲਣ ਦਾ ਇਹ ਰਸਤਾ ਹੈ, ਤੂੰ ਇਸ ਤਰ੍ਹਾਂ ਕਰ, ਇਸ ਤਰਫ਼ ਜਾਹ, ਉਸ ਜਗ੍ਹਾਂ ਬੈਠ, ਇਹ ਇਸ਼ਨਾਨ ਕਰ, ਤਾਂ ਤੈਨੂੰ ਰੱਬ ਮਿਲ ਜਾਏਗਾ। ਕਿਉਂਕਿ ਰੱਬ ਕਿਤੇ ਹੋਰ ਬੈਠਾ ਹੈ। ਜਿਵੇਂ ਕਿਸੇ ਨੇ ਪਟਿਆਲੇ ਜਾਣਾ ਹੋਵੇ ਅਤੇ ਤੁਹਾਨੂੰ ਕੋਈ ਕਹੇ ਕਿ ਤੁਸੀਂ ਜੀਰਕਪੁਰ ਪਹੁੰਚ ਕੇ ਮੀਲ ਪੱਥਰ ਪੜ੍ਹਦੇ ਜਾਣਾ, ਤੁਸੀਂ ਸਿੱਧੇ ਪਟਿਆਲੇ ਪਹੁੰਚ ਜਾਉਗੇ। ਇਸੇ ਤਰ੍ਹਾਂ ਧਾਰਮਕ ਗ੍ਰੰਥ ਮੀਲ ਪੱਥਰ ਹੁੰਦਾ ਹੈ। ਪਰ ਗੁਰੂ ਗ੍ਰੰਥ ਸਾਹਿਬ ਸਾਡਾ, ਸਿੱਖਾਂ ਦਾ ਗੁਰੂ ਅਤੇ ਪਰਮਾਤਮਾ ਹੈ। ਇਸ ਤੋਂ ਅੱਗੇ ਅਸਾਂ ਸਿੱਖਾਂ ਨੇ ਕਿਤੇ ਨਹੀਂ ਜਾਣਾ। ਡਾ. ਗੁਰਦਰਸ਼ਨ ਸਿੰਘ ਨੇ ਕਿਹਾ ਕਿ ਇਹ ਗੱਲ ਕਹਿਣ ਤੇ ਤੁਸੀਂ ਮੈਨੂੰ ਪੰਥ ਵਿੱਚੋਂ ਹੀ ਨਾ ਕੱਢ ਦੇਣਾ ਕਿਉਂਕਿ ਮੈਂ ਤਾਂ ਪੰਥ ਵਿੱਚ ਰਹਿ ਕੇ ਪੰਥ ਦੀ ਸੇਵਾ ਕਰਨੀ ਲੋਚਦਾ ਹਾਂ। ਇਹ ਪੋਥੀ ਸਿੱਖਾਂ ਦਾ ਔਬਜੈਕਟਿਵ ਜਾਂ ਟੀਚਾ ਹੈ। ਪੰਥ ਨੇ ਅਤੇ ਬਤੌਰ ਸਿੱਖ ਕਿਸੇ ਨੇ ਇਸ ਤੋਂ ਅੱਗੇ ਨਹੀਂ ਜਾਣਾ।ਜੇਕਰ ਤੁਸੀਂ ਸਿੱਖ ਨਹੀਂ ਹੋ ਤਾਂ ਤੁਹਾਡਾ ਆਪਣਾ ਤਰੀਕਾ ਹੋ ਸਕਦਾ ਹੈ, ਤੁਸੀਂ ਪਹਾੜਾਂ ਦੀਆਂ ਕੁੰਦਰਾਂ ਵਿੱਚ ਵੀ ਜਾ ਸਕਦੇ ਹੋ ਜਾਂ ਤੁਹਾਡੇ ਧਰਮ-ਗ੍ਰੰਥ ਵਿਚ ਦਰਸਾਈ ਹੋਰ ਕੋਈ ਸਾਧਨਾ ਅਪਨਾ ਸਕਦੇ ਹੋ। ਵਿਦਵਾਨਾਂ ਨੇ ਦੁਨੀਆਂ ਦੇ ਧਰਮਾਂ ਦਾ ਜੋ ਵਰਗੀਕਰਣ (classification) ਕੀਤਾ ਹੋਇਆ ਹੈ ਉਸ ਵਿੱਚ ਉਨ੍ਹਾਂ ਧਰਮਾਂ ਨੂੰ ‘ਮੁਕਤੀ ਧਰਮ’ (salvation religion) ਕਿਹਾ ਗਿਆ ਹੈ ਜਿਹੜੇ ਧਰਮਾਂ ਦੇ ਅਨੁਯਾਈ ਆਪਣੀ ਮੁਕਤੀ ਲਈ ਕੁੱਝ ਵੀ ਕਰ ਸਕਦੇ ਹਨ। ਪਰ ਕਿਸੇ ਸਿੱਖ ਨੇ ਜੰਗਲਾਂ ਵਿੱਚ ਨਹੀਂ ਜਾਣਾ, ਪਹਾੜਾਂ ਦੀਆਂ ਕੰਦਰਾਂ ਵਿੱਚ ਨਹੀਂ ਜਾਣਾ, ਤੀਰਥਾਂ ਤੇ ਨਹੀਂ ਜਾਣਾ। ਪਰੰਤੂ, ਇਸ ਦੇ ਵਿਪਰੀਤ ਅਜੋਕੇ ਸਮੇਂ ਵਿੱਚ ਸ਼੍ਰੋਮਣੀ ਕਮੇਟੀ ਸਿੱਖਾਂ ਨੂੰ ਕੁੰਭ ਦੇ ਮੇਲੇ ਤੇ ਭੇਜ ਰਹੀ ਹੈ ਕਿ ਜਾਉ ਕੁੰਭ ਦੇ ਮੇਲੇ ਤੇ ਤੁਸੀ ਵੀ ਇਸ਼ਨਾਨ ਕਰ ਆਉ!

ਸਿੱਖ ਨੂੰ ਕਿਤੇ ਹੋਰ ਜਾਣ ਦੀ ਜ਼ਰੂਰਤ ਨਹੀਂ ਹੈ। ਕਿਉਂਕਿ ਸਿੱਖਾਂ ਦਾ ਸਿੱਧਾ ਸੰਪਰਕ ਸ਼ਬਦ ਦੇ ਨਾਲ ਹੈ। ਇਹ ਗੱਲ ਕੇਵਲ ਗੁਰੂ ਅਰਜੁਨ ਨੇ ਹੀ ਨਹੀਂ ਕੀਤੀ, ਗੁਰੂ ਨਾਨਕ ਪਹਿਲੇ ਹੀ ਸ਼ਬਦ ਗੁਰੂ ਦੀ ਗੱਲ ਕਰ ਚੁੱਕੇ ਹਨ । ਗੁਰੂ ਨਾਨਕ ਦੇ ਨਾਲ-ਨਾਲ ਦੂਜੇ ਗੁਰੂਆਂ ਨੇ ਵੀ ਬਾਰ-ਬਾਰ ਸ਼ਬਦ ਦੀ ਗੱਲ ਕੀਤੀ ਹੈ, ਕੱਚੀ ਅਤੇ ਸੱਚੀ ਬਾਣੀ ਦੀ ਗੱਲ ਵੀ ਕੀਤੀ ਹੈ। ਭਾਵੇਂ ਇਹ ਸਾਰੀਆਂ ਗੱਲਾਂ ਇੱਿਤਹਾਸ ਵਿੱਚ ਪਹਿਲਾਂ ਵੀ ਹੋ ਚੁੱਕੀਆ ਸਨ, ਪਰ ਗੁਰੂ ਅਰਜੁਨ ਸਾਹਿਬ ਨੇ ਕਿਹਾ ਕਿ ਇਹ ਪੋਥੀ ਜੋ ਮੈਂ ਤਿਆਰ ਕਰ ਰਿਹਾ ਹਾਂ ਸਿੱਖ ਇਸ ਦੀ ਮਹੱਤਤਾ ਨੂੰ ਭੁੱਲ ਜਾਣਗੇ। ਕਿਉਂਕਿ ਗੁਰੂ ਨੇ ਜਿਨ੍ਹਾਂ ਲੋਕਾਂ ਨੂੰ ਜ਼ਿਆਦਾ ਆਪਣੇ ਕਲਾਵੇ ਵਿੱਚ ਲਿਆ ਉਹ ਦਲਿਤ ਵਰਗ ਵਿਚੋਂ ਅਤੇ ਦੱਬੇ-ਕੁਚਲੇ ਹੋਏ ਲੋਕਾਂ ਵਿੱਚੋਂ ਸਨ ਜਿਨ੍ਹਾਂ ਨੂੰ ਜਾਤੀ-ਪ੍ਰਥਾ ਦੀ ਸੰਸਥਾ (caste institution) ਨੇ ਦਰੜਿਆ ਹੋਇਆ ਸੀ। ਗੁਰੂ ਸਾਹਿਬ ਨੇ ਉਨ੍ਹਾਂ ਨੂੰ ਉਠਾ ਕੇ ਅਖੌਤੀ ਉੱਚ-ਜਾਤੀਏ ਲੋਕਾਂ ਦੇ ਬਰਾਬਰ ਹੀ ਨਹੀਂ ਲਿਆਂਦਾ ਬਲਕਿ ਉਨ੍ਹਾਂ ਨੂੰ ਸਰਵ-ਉੱਚ ਬਣਾ ਦਿੱਤਾ।

ਸਰਵ-ਉੱਚਤਾ ਇਕ ਤਾਂ ਹੈ ਸਰਵ-ਉੱਤਮਤਾ (superiority) ਹੁੰਦੀ ਹੈ ਅਤੇ ਦੂਜੀ ਹੈ ਸਿਰਮੌਰਤਾ (sovereignity)। ਮੇਰੇ ਹਿਸਾਬ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਸਿਰਮੌਰ (sovereign) ਹੈ। ਇਤਹਾਸ ਵਿੱਚ ਇਕ ਬੜੀ ਸੁਆਦਿਲੀ ਗੱਲ ਹੈ, ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂਆਂ ਦਾ ਅਲੌਕਿਕ ਜਾਂ ਰਹੱਸਾਤਮਕ ਅਨੁਭਵ (mystic experience) ਹੈ, ਰੱਬ ਦੇ ਨਾਲ ਸੰਚਾਰ (communication) ਹੈ। ਗੁਰੂ ਨਾਨਕ ਇਕ ਸੰਦੇਸ਼ਵਾਹਕ (messenger) ਹੈ।

ਆਪਾਂ ਗੁਰੂ ਹਰਿਰਾਏ ਸਾਹਿਬ ਦੀ ਗੱਲ ਕਰਦੇ ਹਾਂ, ਜੋ ਆਪਣੇ ਆਪ ਵਿੱਚ ਬਹੁੱਤ ਵੱਡੀ ਗੱਲ ਅਤੇ ਬਹੁੱਤ ਵੱਡੀ, ਨਿਰਾਲੀ ਕੁਰਬਾਨੀ ਹੈ ਇਤਹਾਸ ਵਿੱਚ। ਗੁਰੂ ਹਰਿਰਾਏ ਜੀ ਦਾ ਇਕ ਬਹੁੱਤ ਹੀ ਪਿਆਰਾ ਪੁੱਤਰ ਸੀ ਰਾਮਰਾਏ। ਉਸ ਕੋਲ ਗੁਰੂ ਬਨਣ ਦਾ ਪੋਟੈਂਸ਼ਿਅਲ ਸੀ, ਬੜੇ ਕਮਾਲ ਦਾ ਉਸ ਦਾ ਜੀਵਨ ਸੀ। ਔਰ ਗੁਰੂ ਉਸ ਨੂੰ ਆਪਣਾ ਜਾ-ਨਸ਼ੀਨ ਵੀ ਬਣਾਉਣਾ ਚਾਹੁੰਦੇ ਸਨ, ਜਿਸ ਦਾ ਸੰਕੇਤ ਇਤਹਾਸ ਵਿੱਚ ਮਿਲਦਾ ਹੈ। ਲੇਕਿਨ ਹੋਇਆ ਕੀ? ਸ਼ਿਕਾਇਤ ਹੋ ਗਈ ਰਾਮਰਾਏ ਦੀ।

ਪੰਥ-ਵਿਰੋਧੀਆਂ ਦੀ ਲੜਾਈ ਹੈ ਸਾਡੇ ਗ੍ਰੰਥ ਨਾਲ। ਚਾਹੇ ਇਸਲਾਮਿਕ ਸਲਤਨਤ ਹੈ, ਚਾਹੇ ਅੰਗਰੇਜਾਂ ਦੀ ਸਲਤਨਤ ਹੈ, ਚਾਹੇ ਅੱਜ ਹਿੰਦੂਆਂ ਦੀ ਸਲਤਨਤ ਹੈ, ਲੜਾਈ ਸਿੱਖ ਨਾਲ ਨਹੀਂ, ਲੜਾਈ ਸਿੱਖਾਂ ਦੇ ਗ੍ਰੰਥ ਨਾਲ ਹੈ। ਜਿਹੜਾ ਸਿੱਖਾਂ ਨੂੰ ਸ਼ਕਤੀ ਦੇ ਰਿਹਾ ਹੈ, ਜਿਹੜਾ ਕਾਲੇ ਕਾਂਵਾਂ ਦੇ ਮਨ ਦੀ ਕਾਲਖ ਕੱਢ ਕੇ ਹੰਸ ਬਣਾ ਰਿਹਾ ਹੈ। ਅੰਮ੍ਰਿਤ ਹੈ ਗੁਰੂ ਗ੍ਰੰਥ, ਬਾਣੀ ਹੈ ਅੰਮ੍ਰਿਤ। ਔਰੰਗਜ਼ੇਬ ਦਾ ਫੁਰਮਾਨ ਗੁਰੂ ਹਰਿਰਾਏ ਸਾਹਿਬ ਕੋਲ ਪਹੁੰਚਿਆ, ਕਿ ਤੁਹਾਡੇ ਗ੍ਰੰਥ ਵਿੱਚ ਇਸਲਾਮ ਦੀ ਤੌਹੀਨ ਕੀਤੀ ਗਈ ਹੈ, ਜੋ ਸਾਨੂੰ ਬਰਦਾਸ਼ਤ ਨਹੀਂ ਕਿਉਂਕਿ ਇਹ ਇਸਲਾਮੀ ਰਾਜ ਹੈ। ਤੁਸੀਂ ਦਰਬਾਰ ਵਿੱਚ ਆ ਕੇ ਸਫ਼ਾਈ (explanation) ਦਿਉ। ਗੁਰੂ ਹਰਿਰਾਏ ਸਾਹਿਬ ਨੇ ਆਪਣੇ ਬੇਟੇ ਰਾਮਰਾਏ ਨੂੰ ਜਵਾਬ ਦੇਣ ਲਈ ਭੇਜਿਆ, ਕਿਉਂਕਿ ਉਹ ਕਾਬਿਲ ਵਿਦਵਾਨ ਸੀ ਅਤੇ ਉਨ੍ਹਾਂ ਦਾ ਗੁਰੂ ਦਰਬਾਰ ਵਿੱਚ ਬੜਾ ਉੱਚਾ ਅਸਥਾਨ ਸੀ। ਉਨ੍ਹਾਂ ਨੂੰ ਕਿਹਾ ਗਿਆ ਕਿ ਤੁਸੀ ਔਰੰਗਜ਼ੇਬ ਦੇ ਦਰਬਾਰ ਵਿੱਚ “ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮ੍‍ਆਰ ॥ ਘੜਿ ਭਾਂਡੇ ਇਟਾ ਕੀਆ ਜਲਦੀ ਕਰੇ ਪੁਕਾਰ ॥” ਦੀ ਸਫ਼ਾਈ (explanation) ਦੇ ਕੇ ਆਉ। ਜਦੋਂ ਮੁਗਲ ਦਰਬਾਰ ਵਿੱਚ ਬਰੀਕੀ ਨਾਲ ਪੁੱਛ-ਪੜਤਾਲ (cross explanation) ਹੋਈ ਤਾਂ ਰਾਮਰਾਏ ਘਬਰਾ ਗਏ।

ਦੇਖੋ ਕੈਸੀ ਸਥਿਤੀ (ਸਟਿੁੳਟੋਿਨ) ਹੈ! ਮੁਗਲ ਸਮਰਾਟ ਦੇ ਮੂੰਹ ਵਿੱਚੋਂ ਨਿਕਲੀ ਹੋਈ ਗੱਲ ਕੁੱਝ ਵੀ ਕਰ ਸਕਦੀ ਸੀ, ਇਥੋਂ ਤੱਕ ਕਿ ਸਿਰ ਵੀ ਕਲਮ ਹੋ ਸਕਦਾ ਸੀ, ਇਸ ਗੱਲ ਤੋਂ ਰਾਮਰਾਏ ਜੀ ਘਬਰਾ ਗਏ। ਅਤੇ ਉਨ੍ਹਾਂ ਨੇ ਗੁਰਬਾਣੀ ਦਾ ਇਕ ਲਫ਼ਜ਼ ਬਦਲ ਦਿੱਤਾ, ‘ਮੁਸਲਮਾਨ’ ਦੀ ਜਗ੍ਹਾ ‘ਬੇਈਮਾਨ’ ਕਰ ਦਿੱਤਾ। ਇਸ ਗੱਲ ਦੀ ਸ਼ਿੱਕਾਇਤ ਜਦੋਂ ਗੁਰੁ ਹਰਿਰਾਏ ਸਾਹਿਬ ਪਾਸ ਪਹੁੰਚੀ ਕਿ ਹਜੂਰ ਆਪ ਜੀ ਦੇ ਬੇਟੇ ਨੇ ਤਾਂ ‘ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮ੍‍ਆਿਰ’ ਦੀ ਥਾਂ ‘ਮਿਟੀ ਬੇਈਮਾਨ ਕੀ ਪੇੜੈ ਪਈ ਕੁਮ੍‍ਆਿਰ’ ਕਰ ਦਿੱਤਾ ਹੈ ਤਾਂ ਉਸ ਨੁੰ ਜੋ ਸਜ਼ਾ ਗੁਰੂ ਸਾਹਿਬ ਨੇ ਦਿੱਤੀ ਉਹ ਸਜ਼ਾ-ਏ-ਮੌਤ ਤੋਂ ਕਿਤੇ ੳੁੱਪਰ ਹੈ; ਇਹ ਦੁਨਿਆਂ ਦੇ ਇਤਹਾਸ ਵਿੱਚ ਸੱਭ ਤੋਂ ਵਡੀ ਸਜ਼ਾ ਹੈ। ਕੋਈ ਲੀਡਰ ਆਪਣੇ ਹੋਣਹਾਰ ਬੇਟੇ ਨੂੰ, ਜਿਸਨੂੰ ਉਹ ਪਿਆਰ ਕਰਦਾ ਹੋਵੇ ਅਤੇ ਆਪਣਾ ਜਾਨਸ਼ੀਨ ਬਣਾਉਣਾ ਚਾਹੁੰਦਾ ਹੋਵੇ, ਉਸ ਨੂੰ ਅਤੇ ਉਸ ਤੋਂ ਆਉਣ ਵਾਲੀ ਔਲਾਦ ਨੂੰ ਹਮੇਸ਼ਾ-ਹਮੇਸ਼ਾ ਲਈ ਪੰਥ ਵਿੱਚੋਂ ਖ਼ਾਰਿਜ਼ ਕਰ ਦੇਣਾ, ਦੁਨਿਆਂ ਦੇ ਇਤਹਾਸ ਵਿੱਚ ਸੱਭ ਤੋਂ ਵਡੀ ਸਜ਼ਾ ਹੈ। ਤੁਸੀਂ ਸੋਚ ਵਿਚਾਰ ਕੇ ਦੇਖੋ ਕਿ ਇਹ ਕਿੱਡੀ ਵੱਡੀ ਸਜ਼ਾ ਹੈ? ਕਿਸੇ ਨੂੰ ਸ਼ਹੀਦ ਕਰ ਦੇਣ ਨਾਲੋਂ ਵੀ ਇਹ ਸਜ਼ਾ ਕਿੱਤੇ ਵਡੀ ਹੈ। ਸਿਰਫ਼ ਇਸ ਗੱਲ ਕਰਕੇ ਕਿ ਰਾਮਰਾਏ ਨੇ ਗੁਰਬਾਣੀ ਦਾ ਇਕ ਲਫ਼ਜ਼ ਬਦਲ ਦਿੱਤਾ ਸੀ। ਲੇਕਿਨ ਇਹ ਕਿਉਂ ਹੋਇਆ? ਇਸ ਦਾ ਕੀ ਕਾਰਣ ਹੈ? ਕਾਰਣ ਇਹ ਹੈ ਕਿ ਇਹ ਬਾਣੀ ਕਿਸੇ ਵਿਅਕਤੀ ਦੀ ਨਾ ਹੋ ਕੇ, ਇਲਾਹੀ ਬਾਣੀ ਹੈ, ਜੋ ਪ੍ਰਮਾਤਮਾ ਤੋਂ ਆਈ ਹੋਈ ਹੈ। ਕੋਈ ਇਨਸਾਨ ਇਸ ਨੂੰ ਕਿਵੇਂ ਬਦਲ ਸਕਦਾ ਹੈ? ਅਸੀਂ ਇਸ ਬਾਣੀ ਦੀ ਵਿਆਖਿਆ (interpretation) ਤਾਂ ਕਰ ਸਕਦੇ ਹਾਂ, ਲੇਕਿਨ ਇਸ ਬਾਣੀ ਨੂੰ ਬਦਲ ਨਹੀਂ ਸਕਦੇ। ਇਸ ਨਾਲ ਕਿਸੇ ਤਰ੍ਹਾਂ ਦੀ ਛੇੜ-ਛਾੜ ਨਹੀਂ ਕਰ ਸਕਦੇ; ਇਸ ਉੱਤੇ ਕਿੰਤੂ ਨਹੀਂ ਕਰ ਸਕਦੇ। ਗ੍ਰੰਥ ਸਾਹਿਬ ਨੂੰ ਗੁਰਗੱਦੀ ਦੇ ਕੇ, ਗੁਰੂ ਦਸਮ ਪਾਤਸ਼ਾਹ ਜੀ ਨੇ ਜੋ ਕੁੱਝ ਕੀਤਾ ਉਹ ਸਿਰਫ਼ ਕੀਤੇ ਹੋਏ ਉੱਤੇ ਮੋਹਰ ਹੈ। ਕਿਉਂਕਿ ਸਿੱਖ ਸਮਝਦੇ ਨਹੀਂ ਸਨ। ਸਿੱਖ ਵਿਚਾਰੇ ਗੁਮਰਾਹ ਹੋ ਜਾਂਦੇ ਸਨ। ਸਿੱਖ ਬਹੁੱਤੇ ਪੜ੍ਹੇ-ਲਿਖੇ ਨਹੀਂ ਸਨ, ਕਿਉਂਕਿ ਅਖੌਤੀ ਛੋਟੀਆਂ ਜਮਾਤਾਂ ਵਿੱਚੋਂ ਆਏ ਹੋਏ ਸਨ।ਇਸ ਤਰ੍ਹਾਂ ਇਹ ਸਾਰੀ ਦੀ ਸਾਰੀ ਸਿਚਊਏਸ਼ਨ ਡਿਵੈਲਪ ਹੁੰਦੀ ਹੈ।

ਹੁਣ ਸਵਾਲ ਇਹ ਖੜਾ ਹੁੰਦਾ ਹੈ ਕਿ ਜੇਕਰ ਸਿੱਖਾਂ ਦਾ ਇਸ਼ਟ ਤੇ ਰੱਬ ਗੁਰੂ ਗ੍ਰੰਥ ਹੈ, ਤਾਂ ਉਸਦੇ ਬਰਾਬਰ ਕੋਣ ਅਤੇ ਕਿਵੇਂ ਹੋ ਸਕਦਾ ਹੈ? ਰੱਬ ਤਾਂ ਇਕੋ ਹੀ ਹੈ, ਕੋਈ ਕਿਤਾਬ, ਕੋਈ ਸਾਧ, ਕੋਈ ਸੰਤ, ਕੋਈ ਸ਼ਬਦ ਇਸ ਦੇ ਮੁਕਾਬਲੇ ਵਿੱਚ ਆ ਹੀ ਨਹੀਂ ਸਕਦਾ। ਇਸਲਈ ਇਸ ਗੱਲ ਉੱਤੇ ਮੋਹਰ ਲਗਾ ਕੇ ਦਸਵੇਂ ਪਾਤਸ਼ਾਹ ਨੇ ਕੋਈ ਨਵੀਂ ਗੱਲ ਨਹੀਂ ਕੀਤੀ। ਗੁਰੂ ਨਾਨਕ ਅਤੇ ਦੂਜੇ ਤੀਜੇ, ਪੰਜਵੇਂ ਗੁਰੂਆਂ ਨੇ ਜੋ ਗੱਲ ਕੀਤੀ ਉਸ ਨੂੰ ਦਸਵੇਂ ਪਾਤਸ਼ਾਹ ਜੀ ਨੇ ਕੇਵਲ ਉਸਦੀ ਪੁਸ਼ਟੀ ਹੀ ਕੀਤੀ ਹੈ।

ਇਸ ਸਾਰੀ ਸਿਚਊਏਸ਼ਨ ਤੋਂ ਬਾਅਦ, ਸਪਸ਼ਟ ਹੈ ਕਿ ਪੰਥ-ਵਿਰੋਧੀਆਂ ਦੀ ਲੜਾਈ ਗ੍ਰੰਥ ਦੇ ਨਾਲ ਹੈ। ਮਾਫ਼ ਕਰਨਾ, ਜੇ ਗ੍ਰੰਥ ਮਿਟ ਜਾਏ, ਜੇ ਸਿੱਖ ਨੂੰ ਆਪਣੇ ਗੁਰੂ ਗ੍ਰੰਥ ਤੇ ਸ਼ੱਕ ਹੋ ਜਾਏ ਤਾਂ ਸਿੱਖ ਵੀ ਮਿਟ ਜਾਏਗਾ ਤੇ ਗ੍ਰੰਥ ਵੀ ਮਿਟ ਜਾਏਗਾ, ਸਾਰਾ ਕੁੱਝ ਹੀ ਮਿਟ ਜਾਏਗਾ। ਅੰਗਰੇਜ਼ਾਂ ਨੇ ਜਦੋਂ ਇਸ ਖਿੱਤੇ ਦਾ ਅਧਿਐਨ ਕੀਤਾ ਤਾਂ ਉਦੋਂ ਸਿੱਖ ਰਾਜ ਸਥਾਪਤ ਨਹੀਂ ਸੀ ਹੋਇਆ, ਅੰਗਰੇਜਾਂ ਨੇ ਇਸ ਖਿੱਤੇ ਵਿੱਚ ਆਪਣੇ ਬੰਦੇ ਭੇਜੇ ਕਿ ਦੇਖੋ ਏਥੇ ਕੌਣ-ਕੌਣ ਲੋਗ ਰਹਿ ਰਹੇ ਹਨ। ਇੱਥੇ ਕਈ ਅੰਗਰੇਜ ਯਾਤ੍ਰੀ ਵੀ ਆਏ ਜੋ ਬੜੇ ਸਿਆਣੇ ਅਤੇ ਪੜ੍ਹੇ-ਲਿਖੇ ਵਿਦਵਾਨ ਸਨ। ਜੋ ਸਮਝਦੇ ਸਨ ਸਾਰੀ ਗੱਲ ਨੂੰ। ਜਦੋਂ ਉਹ ਬਾਅਦ ਵਿੱਚ ਈਸਟ ਇੰਡੀਆ ਕੰਪਨੀ ਦੇ ਨੁਮਾਇੰਦਿਆਂ ਵਜੋਂ ਭਾਰਤ ਆਏ ਤਾਂ ਉਨ੍ਹਾਂ ਨੂੰ ਪਤਾ ਸੀ ਕਿ ਭਾਰਤ ਵਿੱਚ ਇਕ ਐਸੇ ਲੋਗ ਰਹਿੰਦੇ ਹਨ, ਜਿਨ੍ਹਾਂ ਵਿੱਚ ਪੋਟੈਨਸ਼ਿਅਲ ਹੈ ਸੋਵ੍ਰਿਨਿਟੀ ਦਾ। ਉਨ੍ਹਾਂ ਵਿਦਵਾਨਾਂ ਵਿੱਚ Polyer, Archer ਆਦਿ ਪ੍ਰਮੁੱਖ ਸਨ।

ਉਨ੍ਹਾਂ ਨੇ ਕਿਹਾ ਕਿ ਭਾਰਤ ਵਿੱਚ ਰਹਿਣ ਵਾਲੇ ਸਿੱਖਾਂ ਵਿੱਚ ਪੋਟੈਸ਼ਿਅਲ ਹੈ ਸੋਵਰਨੀਟੀ ਦਾ, ਪਰ ਇਨ੍ਹਾਂ ਸਿੱਖਾਂ ਵਿੱਚ ਸੋਵ੍ਰਿਨੀਟੀ ਦਾ ਸੋਮਾ (source) ਕੀ ਹੈ? ਉਨ੍ਹਾਂ ਦੀ ਤਾਕਤ ਅਤੇ ਪ੍ਰੇਰਨਾ (inspiration) ਦਾ ਸੋਮਾ ਕੀ ਹੈ? ਖੋਜ ਕਰਦਿਆਂ ਹੌਲੀ-ਹੌਲੀ ਉਹ ਵਿਦਵਾਨ ਇਸ ਸਿੱਟੇ (conclusion) ਤੇ ਪਹੁੰਚੇ, ਕਿ ਉਹ ਸੋਮਾ ਹੈ ਸਿੱਖਾਂ ਦਾ ਗ੍ਰੰਥ, ਜਿਸ ਗ੍ਰੰਥ ਤੋਂ ਸਿੱਖ ਪ੍ਰੇਰਨਾ ਲੈਂਦੇ ਹਨ, ਉਸ ਤੋਂ ਤਾਕਤ ਲੈਂਦੇ ਹਨ। ਸਿੱਖ ਗ੍ਰੰਥ ਨਾਲ ਹੀ ਗੱਲਬਾਤ ਕਰਦੇ ਹਨ, ਗ੍ਰੰਥ ਪੜ੍ਹਣ ਤੋਂ ਬਾਅਦ ਆਪਣੇ ਆਪ ਨੂੰ ਇਤਨਾ ਤਾਕਤਵਰ ਸਮਝਦੇ ਹਨ ਕਿ ਉਹ ਸਵਾ ਲੱਖ ਫ਼ੌਜ ਨਾਲ ਵੀ ਲੜਾਈ ਕਰ ਸਕਦੇ ਹਨ। ਡਾ. ਗੁਰਦਰਸ਼ਨ ਸਿੰਘ ਨੇ ਕਿਹਾ ਕਿ ਸਿੱਖਾਂ ਲਈ ਲਫਜ਼ ਵਰਤੇ ਗਏ ਹਨ “ਡੈਥ-ਡਿਫ਼ਾਇੰਗ ਸਿਖਸ” ਇਸ ਦਾ ਮਤਲਬ ਹੈ ਕਿ ਸਿੱਖ ਮੌਤ ਨੂੰ ਵੰਗਾਰਦੇ ਹਨ।ਸੱਭ ਤੋਂ ਵੱਡਾ ਡਰ ਮੌਤ ਦਾ ਹੈ, ਜੇ ਮੌਤ ਨੂੰ ਤੁਸੀਂ ਡੀਫ਼ਾਈ ਕਰ ਦਿੱਤਾ, ਤਾਂ ਫਿਰ ਦੁਸ਼ਮਣ ਸਵਾ ਲੱਖ ਹੋਵੇ ਜਾਂ ਢਾਈ ਲੱਖ, ਕੋਈ ਫ਼ਰਕ ਨਹੀਂ ਪੈਂਦਾ।ਉਨ੍ਹਾਂ ਵਿਦਵਾਨਾਂ ਨੇ ਕਿਹਾ ਕਿ ਸਿੱਖਾਂ ਨੂੰ ਅਸੀਂ ਤਾਂ ਹੀ ਜ਼ੇਰ ਕਰ ਸਕਦੇ ਹਾਂ ਜੇਕਰ ਅਸੀਂ ਇਨ੍ਹਾਂ ਦੇ ਗ੍ਰੰਥ ਵਿੱਚ ਕੋਈ ਅਦਲਾ-ਬਦਲੀ ਕਰਕੇ ਉਸ ਨੂੰ ਵਿਗਾੜ ਦੇਈਏ ਅਤੇ ਜੇਕਰ ਇਹ ਨਾ ਹੋ ਸਕੇ ਤਾਂ ਉਸਦਾ ਕੋਈ ਸ਼ਰੀਕ ਖੜਾ ਕਰ ਦੇਈਏ। ਇਹ ਚਾਲਾਕੀ, ਹੇਰਾਫੇਰੀ, ਅਤੇ ਠੱਗੀ-ਠਉਰੀ ਅੰਗਰੇਜਾਂ ਨੇ ਸ਼ੁਰੂ ਕੀਤੀ।

ਅੱਜ ਦੇ ਹਿੰਦੂ ਤਾਂ ਅੰਗਰੇਜਾਂ ਦੇ ਪੈਰੋਕਾਰ ਹਨ। ਇਨ੍ਹਾਂ ਹਿੰਦੂਆਂ ਨੇ ਸਾਰੀਆਂ ਚੀਜਾਂ ਅੰਗਰੇਜਾਂ ਤੋਂ ਉਧਾਰੀਆਂ ਲਈਆਂ। ਤਾਂ ਹੋਇਆ ਕੀ? ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਦੀ ਪ੍ਰੇਰਨਾ, ਇਨ੍ਹਾਂ ਦਾ ਵਿਸ਼ਵਾਸ, ਤੋੜ ਦੇਈਏ। ਵਿਸ਼ਵਾਸ ਤਾਂ ਸਿੱਖਾਂ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਹੀ ਹੈ। ਤਾਂ, ਗੁਰੂ ਗ੍ਰੰਥ ਦੇ ਮੁਕਾਬਲੇ ਤੇ ਉਨ੍ਹਾਂ ਨੇ ਦੂਜਾ ਧਾਰਮਕ ਗ੍ਰੰਥ ਖੜਾ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੂੰ ਬਹੁਤੀ ਗੱਲ ਦੀ ਸਮਝ ਨਹੀਂ ਸੀ। ਅੰਗਰੇਜਾਂ ਦੀ ਸਿਖਲਾਈ ਅਤੇ ਅਧਿਐਨ (grooming and study) ਉਨ੍ਹਾਂ ਦੇ ਆਪਣੇ ਧਰਮ-ਗ੍ਰੰਥ ਬਾਈਬਲ ਤੇ ਆਧਾਰਿਤ ਸੀ ਅਤੇ ਉਹ ਉਸ ਨੂੰ ਹੀ ਮੰਨਦੇ ਸਨ। ਉਨ੍ਹਾਂ ਨੇ ਸੋਚਿਆ ਕਿ ਬਾਈਬਲ ਦੀ ਤਰ੍ਹਾਂ ਹੀ ਇਕ ਕਿਤਾਬ ਬਣਾ ਦੇਈਏ, ਤੇ ਉਹ ਕਿਤਾਬ ਇਨ੍ਹਾਂ ਦੇ ਗ੍ਰੰਥ ਦੇ ਮੁਕਾਬਲੇ ਖੜੀ ਹੋ ਜਾਏ ਤਾਂ ਹੌਲੀ-ਹੌਲੀ ਇਨ੍ਹਾਂ ਦਾ ਵਿਸ਼ਵਾਸ ਟੁੱਟਣਾ ਸ਼ੁਰੂ ਹੋ ਜਾਏਗਾ। ਉਸ ਕਿਤਾਬ ਵਿੱਚ ਹਿੰਦੂ ਕਵੀ ਰਾਮ, ਸ਼ਿਆਮ, ਕਾਲ, ਸੂਮ ਆਦਿ ਦੀਆਂ ਲਿਖਤਾਂ ਪਾ ਦਿੱਤੀਆਂ ਗਈਆਂ।

ਉਨ੍ਹਾਂ ਨੇ ਸੋਚਿਆ ਕਿ ਇਸ ਦਾ ਨਾਮ ਅਜਿਹਾ ਰਖਿਆ ਜਾਵੇ ਜੋ ਅਤੀਅੰਤ ਭੁਲੇਖਾਪਾਊ ਹੋਵੇ। ਉਨ੍ਹਾਂ ਦੀ ਇਸ ਬ੍ਰਾਹਮਣੀ ਚਾਲ ਦਾ ਹੀ ਨਤੀਜਾ ਹੈ ਕਿ ਇਸ ਗੁਰਮਤ-ਵਿਰੋਧੀ ਪੁਸਤਕ ਦਾ ਨਾਂ ‘ਬਚਿੱਤਰ ਨਾਟਕ’ ਤੋਂ ਬਦਲਦਾ-ਬਦਲਦਾ ‘ਦਸਮ ਗ੍ਰੰਥ’ ਅਤੇ ‘ਦਸਮ ਗ੍ਰੰਥ’ ਤੋਂ ‘ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ’ ਹੋ ਗਿਆ ਹੈ। ਉਹ ਜਾਣਦੇ ਹਨ ਕਿ ਦਸਵੇਂ ਪਾਤਸ਼ਾਹ ਨਾਲ ਸਿੱਖਾਂ ਦੀ ਸ਼ਰਧਾ ਬਹੁੱਤ ਜ਼ਿਆਦਾ ਹੈ ਇਸਲਈ ਇਸਦਾ ਨਾਂ ‘ਦਸਮ ਗ੍ਰੰਥ’ ਅਤੇ ਹੁਣ ‘ਦਸਮ ਸ੍ਰੀ ਗੁਰੁ ਗ੍ਰੰਥ ਸਾਹਿਬ’ ਕਰ ਦਿੱਤਾ ਗਿਆ ਹੈ ਤਾਂਕਿ ਇਹ ਭੁਲੇਖਾ ਸਹਿਜੇ ਹੀ ਪਾਇਆ ਜਾ ਸਕੇ ਕਿ ਇਹ ਦਸਵੇਂ ਪਤਿਸ਼ਾਹ ਦੀ ਰਚਨਾ ਹੈ। ਦੁਸ਼ਮਣ ਦੀ ਇਹ ਇਕ ਬੜੀ ਸੂਖਮ (subtle) ਚਾਲ ਹੈ ਕਿ ਕਿਸੇ ਤਰੀਕੇ ਨਾਲ ਸਿੱਖਾਂ ਨੂੰ ਉਨ੍ਹਾਂ ਦੀ ਬੁਨਿਆਦ ਤੋਂ ਉਖੇੜ ਦਿੱਤਾ ਜਾਏ। ਦੁਸ਼ਮਣ ਜਾਣਦਾ ਹੈ ਕਿ ਆਪਣੀ ਬੁਨਿਆਦ, ਸ੍ਰੀ ਗੁਰੁ ਗ੍ਰੰਥ ਸਾਹਿਬ ਨਾਲੋਂ ਉਖੜ ਕੇ ਸਿੱਖ ਆਪਣੇ ਆਪ ਹੀ ਖਤਮ ਹੋ ਜਾਣਗੇ ਉਨ੍ਹਾਂ ਨਾਲ ਕੋਈ ਬਹੁੱਤਾ ਲੜਾਈ-ਝਗੜਾ ਕਰਣ ਦੀ ਲੋੜ ਹੀ ਨਹੀਂ ਪਵੇਗੀ। ਅੱਜ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿ ਸਿੱਖਾਂ ਨੂੰ ਐਸੇ ਢੰਗ ਦੇ ਨਾਲ, ਚਾਹੇ ਉਸ ਵਿੱਚ ਨਿਹੰਗ , ਦਮਦਮੀ ਟਕਸਾਲ, ਸਾਧ ਸੰਤ ਆਦਿ ਜੋ ਵੀ ਹੋਣ, ਇਹ ਸਾਰੀਆਂ ਜੱਥੇਬੰਦੀਆਂ ਇਸ ਗੱਲ ਲਈ ਦ੍ਰਿੜ੍ਹ ਹਨ ਕਿ ਸਿਖਾਂ ਵਿੱਚ ਦਸਮ ਗ੍ਰੰਥ ਨੂੰ ਪ੍ਰਮਾਣਿਕਤਾ ਹਾਸਿਲ ਹੋ ਜਾਏ। ਜੋ ਕਿ ਸਿਖੀ ਲਈ ਬਹੁੱਤ ਹੀ ਘਾਤਕ ਸਾਬਿਤ ਹੋਏਗੀ। ਸਿੱਖਾਂ ਨੂੰ ਅੱਜ ਸੁਚੇਤ ਰਹਿੰਦੇ ਹੋਏ ਦੁਸ਼ਮਣ ਦੀ ਇਸ ਚਾਲ ਨੂੰ ਸਮਝਣ ਦੀ ਸੱਭ ਤੋਂ ਜਿਆਦਾ ਲੋੜ ਹੈ।

Comments are closed.

Sikh Marg Latest Edition