Honor of Prof. Sarbjit Singh Dhunda in Vancouver

ਵੈਨਕੂਵਰ  ਵਿਖੇ ਕੈਨੇਡੀਅਨ ਸਿੱਖ ਸਟੱਡੀ ਅਤੇ ਟੀਚਿੰਗ ਸੁਸਾਇਟੀ ਵਲੋਂ ਪੰਥ ਦੇ ਪ੍ਰਸਿਧ ਵਿਦਵਾਨ ਅਤੇ ਨਿਧੱੜਕ ਪ੍ਰਚਾਰਕ ਪ੍ਰੋ: ਸਰਬਜੀਤ ਸਿੰਘ ਧੂੰਦਾ ਜੀ ਦੇ ਸਨਮਾਨ ਲਈ ਵਿਸ਼ੇਸ਼ ਸਮਾਗਮ ਐਤਵਾਰ ਜਨਵਰੀ 8, 2012 ਨੂੰ ਅਯੋਜਤ ਕੀਤਾ ਗਿਆ। ਇਸ ਸਮਾਗਮ ਵਿਚ ਵੈਨਕੂਵਰ ਅਤੇ ਸਰੀ ਦੇ ਪੰਜਾਬੀ ਪੱਤਰਕਾਰ ਸ੍ਰ: ਰਾਜਿੰਦਰ ਸਿੰਘ ਪੰਧੇਰ, ਸ੍ਰ: ਹਰਕੀਰਤ ਸਿੰਘ, ਸ੍ਰ: ਅਮਰਪਾਲ ਸਿੰਘ, ਸ੍ਰ: ਕੁਲਦੀਪ ਸਿੰਘ ਅਤੇ ਡਾ: ਪੂਰਨ ਸਿੰਘ ਹਾਜ਼ਰ ਹੋਏ। ਵੈਨਕੂਵਰ ਅਤੇ ਸਰੀ ਦੀਆਂ ਕਈ ਸਿੱਖ ਮਹਾਨ ਹਸਤੀਆਂ ਜਿਵੇਂ ਡਾ; ਹਰਬੰਸ ਸਿੰਘ ਕੰਦੋਲਾ, ਸਾਬਕਾ ਸੀ ਈ ਓ ਖਾਲਸਾ ਕਰੈਡਿਟ ਯੂਨੀਅਨ, ਡਾ: ਕਾਲਾ ਸਿੰਘ, ਸ੍ਰ: ਪ੍ਰੀਤਮ ਸਿੰਘ ਔਲਖ, ਬੀ: ਸੁਖਵਿੰਦਰ ਕੌਰ ਗਰੇਵਾਲ ਸਾਬਕਾ ਬੈਂਕ ਮੈਨੇਜਰ, ਸ੍ਰ: ਤਰਲੋਚਨ ਸਿੰਘ ਢਿੱਲੋਂ, ਸ੍ਰ: ਕਿਰਪਾਲ ਸਿੰਘ ਗਰਚਾ, ਸ੍ਰ ਮਨਜੀਤ ਸਿੰਘ ਖੈਰਾ, ਸੁਸਾਇਟੀ ਦੇ ਟਰੱਸਟੀ ਸ੍ਰ: ਬਲਦੇਵ ਸਿੰਘ ਰੱਖੜਾ, ਸ੍ਰ: ਹਰਬੰਸ ਸਿੰਘ ਰਾਏ ਤੇ ਜਸਬੀਰ ਸਿੰਘ ਗੰਧਮ, ਸ੍ਰ: ਹਰਵਿੰਦਰ ਸਿੰਘ ਪਰਮਾਰ ਅਤੇ ਮਹਿੰਦਰ ਸਿੰਘ ਜਵੰਦਾ ਹਾਜ਼ਰ ਹੋਏ।ਕਈਆਂ ਨੇ ਪੰਥ ਖਾਲਸਾ ਅਤੇ ਅਜੋਕੇ ਸੰਕਟ ਵਾਰੇ ਵਿਚਾਰ ਰੱਖੇ ਅਤੇ ਸਭ ਨੇ ਇਹ ਮਹਿਸੂਸ ਕੀਤਾ ਕਿ ਪੰਥਕ ਸੰਸਥਾਵਾਂ ਦਾ ਪੁਰੀ ਤਰਾਂ ਸਿਆਸੀਕਰਨ ਹੋ ਚੁੱਕਾ ਹੈ।ਜਿਵੇ ਬਰਤਾਨਵੀ ਸਰਕਾਰ ਨੇ ਸਰਬਰਾਹਾਂ ਤੋਂ ਮਨਮਰਜ਼ੀ ਦੇ ਫੈਸਲੇ ਕਰਵਾਏ ਐਨ ਉਸੇ ਤਰਾਂ ਹੀ ਅਜੋਕੇ ਸਮੇ ਪੰਥਕ ਸੰਸਥਾਵਾਂ ਦੇ ਥਾਪੇ ਗਏ ਜਥੇਦਾਰਾਂ ਅਤੇ ਸਿੱਖ ਨੇਤਾਂਵਾਂ ਪਾਸੋਂ ਪੰਥਕ ਪ੍ਰੰਪਰਾਵਾਂ ਦੇ ਵਿਪਰੀਤ ਫੈਸਲੇ ਕਰਵਾਏ ਜਾ ਰਹੇ ਹਨ।
ਸਭ ਨੇ ਉਸ ਸਮੇਂ ਨੂੰ ਯਾਦ ਕੀਤਾ, ਜਦੋਂ ਗੁਰੂ ਪੰਥ ਦੇ ਸ਼ੇਰਾਂ ਗਿ: ਦਿਤ ਸਿੰਘ ਅਤੇ ਪ੍ਰੋ: ਗੁਰਮੁਖ ਸਿੰਘ ਹੋਰਾਂ ਤਨ ਮਨ ਧਨ ਕੁਰਬਾਨ ਕਰ ਦਿੱਤਾ ਸੀ। ਦੂਜੇ ਪਾਸੇ ਪੁਜਾਰੀਆਂ ਨੇ ਪੰਥਕ ਹਿੱਤੂਆਂ ਵਿਰੁੱਧ  ਫ਼ਤਵੇ ਜਾਰੀ ਕੀਤੇ ਸਨ। ਉਹੀ ਇਤਿਹਾਸ ਦੁਰਾਇਆ ਜਾ ਰਿਹਾ ਹੈ। ਅਤੇ ਪੰਥਕ ਵਿਦਵਾਨਾਂ ਅਤੇ ਗੁਰਮਤਿ ਦੇ ਸਹੀ ਪ੍ਰਚਾਰ ਕਰਨ ਵਾਲਿਆਂ ਵਿਰੁੱਧ ਡੇਰੇਦਾਰਾਂ ਦੀ ਸਿਫਾਰਸ਼ ਉਪਰੰਤ ਈਰਖਾ ਵੱਸ ਹੋ ਕੇ ਫ਼ਤਵੇ ਜ਼ਾਰੀ ਕੀਤੇ ਜਾ ਰਹੇ ਹਨ।ਸਭ ਨੇ ਮਹਿਸੂਸ ਕੀਤਾ ਕਿ ਪ੍ਰੋ: ਸਰਬਜੀਤ ਸਿੰਘ ਧੂੰਦਾ ਵਿਰੁੱਧ ਉਸ ਸਮੇ ਆਦੇਸ਼ ਜਾਰੀ ਕੀਤਾ ਗਿਆ ਜਦੋਂ ਉਹ ਵਿਦੇਸ਼ ਵਿਚ ਪ੍ਰਚਾਰ ਕਰਨ ਲਈ ਪਹੁੰਚੇ, ਇਹ ਗਿਣੀ ਮਿਥੀ ਸਾਜਸ਼ ਅਧੀਨ ਕੀਤਾ ਗਿਆ।
ਮੌਜੂਦਾ ਸਿੱਖ ਸੁਚੇਤ ਹਨ ਅਤੇ ਉਨ੍ਹਾਂ ਨੂੰ ਪਤਾ ਲੱਗ ਚੁੱਕਾ ਹੈ ਕਿ ਸ੍ਰੀ ਅਕਾਲ ਤਖ਼ਤ ਵਲੋਂ ਗੁਰਮਤਿ ਦੇ ਸਹੀ ਪ੍ਰਚਾਰ ਕਰਨ ਵਾਲੇ ਵਿਰੁੱਧ ਆਦੇਸ਼ ਜ਼ਾਰੀ ਕਰਨ ਦੀ ਕੋਈ ਪੰਥਕ ਪ੍ਰੰਪਰਾ ਨਹੀ ਹੈ ਇਹੀ ਬੋਲ ਬਾਬਾ ਵਿਸਾਖਾ ਸਿੰਘ ਜੀ ( ਗਦਰੀ ) ਜੋ ਆਪ ਵੀ ਕੁਝ ਸਮਾਂ ਸ੍ਰੀ ਅਕਾਲ ਤਖਤ ਦੇ ਜਥੇਦਾਰ ਰਹੇ, ਹੋਰਾਂ ਕਹੇ ਸਨ ਕਿ ਕਿਸੇ ਨੂੰ ਫ਼ਤਵੇ ਦੇਣੇ ਜਾਂ ਕਿਸੇ ਨੂੰ ਛੇਕਣ ਦੀ ਮਰਯਾਦਾ ਪੰਥਕ ਨਹੀ ਹੈ।ਇਹੋ ਜਿਹੀ ਸੋਚ ਅਤੇ ਵਿਚਾਰ ਸ੍ਰ: ਮਹਿੰਦਰ ਸਿੰਘ ਜੋਸ਼ ਹੋਰਾਂ ਦੀ ਸੀ, ਕਿ ਜਥੇਦਾਰਾਂ ਨੂੰ ਗਿਆਰਵਾਂ ਜਾਂ ਬਾਰਵ੍ਹਾਂ ਗੁਰੂ ਨਾ ਬਣਾਓੁ।

ਭਾਵੇਂ ਪ੍ਰੋ: ਸਰਬਜੀਤ ਸਿੰਘ ਧੂੰਦਾ ਸਮਾਗਮ ਵਿਚ ਦੇਰੀ ਨਾਲ ਪੁੱਜੇ, ਪਰ ਸੰਗਤਾਂ ਨੇ ਉਨਾਂ ਦੇ ਸੰਖੇਪ ਵਿਚਾਰ ਸੁਣੇ ਅਤੇ ਉਨ੍ਹਾਂ ਨੇ ਕਿਹਾ ਕਿ ਉਹ ਗੁਰੂ ਘਰ ਦੇ ਕੂਕਰ ਹਨ ਅਤੇ ਉਹ ਗੁਰਮਤਿ ਦੇ ਸਹੀ ਪ੍ਰਚਾਰ ਅਤੇ ਗੁਰਬਾਣੀ ਦੇ ਸੱਚ ਨੂੰ ਨਿਧੜਕ ਹੋ ਕੇ ਪਰਚਾਰਨਗੇ।ਸ੍ਰ: ਸਤਨਾਮ ਸਿੰਘ ਜੌਹਲ, ਪ੍ਰਧਾਨ ਕੈਨੇਡੀਅਨ ਸਿੱਖ ਸਟੱਡੀ ਅਤੇ ਟੀਚੰਗ ਸੁਸਾਇਟੀ ਨੇ ਪ੍ਰੋ: ਸਰਬਜੀਤ ਸਿੰਘ ਧੂੰਦਾ ਦਾ ਸੁਸਾਇਟੀ ਵਿਖੇ ਆਉਣ ਲਈ ਧੰਨਵਾਦ ਕੀਤਾ ਅਤੇ ਜਾਣਕਾਰੀ ਦਿਤੀ ਕਿ ਪਹਿਲੋਂ ਵੀ ਜਦੋਂ ਨਾਨਕਸ਼ਾਹੀ ਕੈਲੰਡਰ ਦਾ ਕਤਲ ਕਰਨ ਅਤੇ ਪ੍ਰੋ: ਦਰਸਨ ਸਿੰਘ ਨੂੰ ਪੰਥ ਵਿਚੋਂ ਛੇਕਣ ਵਾਸਤੇ ਫ਼ਤਵੇ ਜ਼ਾਰੀ ਕੀਤੇ ਤਾਂ ਇਸੇ ਸੁਸਾਇਟੀ ਨੇ ਸਭ ਤੋਂ ਪਹਿਲਾਂ ਉਨ੍ਹਾ ਫ਼ਤਵਿਆਂ ਦਾ ਡੱਟ ਕੇ ਵਿਰੋਧ ਕੀਤਾ।ਅਸੀ ਪਰਨ ਕਰਦੇ ਹਾਂ ਕਿ  ਹੁਣ ਵੀ ਪ੍ਰੋ: ਸਰਬਜੀਤ ਸਿੰਘ ਧੂੰਦਾ ਦੇ ਨਾਲ ਖੜੇ ਹਾਂ ਅਤੇ ਜੋ ਆਦੇਸ਼ ਆਇਆ ਹੈ ਉਸ ਨੂੰ ਰੱਦ ਕਰਦੇ ਹਾਂ।ਸੁਸਾਇਟੀ ਵਲੋਂ ਪ੍ਰੋ:ਸਰਬਜੀਤ ਸਿੰਘ ਜੀ ਧੂੰਦਾ ਨੂੰ ਪ੍ਰੋ:ਸਾਹਿਬ ਸਿੰਘ ਯਾਦਗਾਰੀ ਅਵਾਰਡ ਅਥਵਾ ਗਿਆਰਾਂ ਸੌ ਡਾਲਰ ਦੀ ਰਾਸ਼ੀ ਨਾਲ ਸਨਮਾਨਤ ਕੀਤਾ ਗਿਆ।ਸਟੇਜ ਦੀ ਕਾਰਵਾਈ ਸ੍ਰ: ਗੁਰਦੇਵ ਸਿੰਘ ਨੇ ਬਾਖੂਬੀ ਨਾਲ ਨਿਭਾਈ।
ਨਾਰਥ ਅਮਰੀਕਾ ਦੀਆਂ ਬਹੁਤ ਸੰਸਥਾਵਾਂ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਵਲੋਂ ਮਨ ਮਰਜ਼ੀ  ਦੇ ਆਦੇਸ਼ ਜਾਰੀ ਕਰਨ ਦਾ ਡੱਟ ਕੇ ਵਿਰੋਧ ਕੀਤਾ ਜਾ ਰਿਹਾ ਹੈ।ਇਸ ਤੋਂ ਇਹ ਸਿੱਟਾ ਕੱਢ ਸਕਦੇ ਹਾਂ ਕਿ ਖਾਲਸਾ ਪੰਥ ਦੀ ਅਧੁਗਤੀ ਲਈ ਰਾਜਨੀਤਕ ਲੋਕਾਂ ਵਲੋਂ ਥਾਪੇ ਗਏ ਅਖਾਉਤੀ ਜਥੇਦਾਰ ਹਨ, ਜੋ ਕੌਮ ਦੇ ਕਾਤਲਾਂ ਨੂੰ ਪੰਥ ਰਤਨ ਅਤੇ ਕੌਮ ਦੇ ਹਿੱਤੂਆਂ ਨੂੰ ਗੁਰਮਤਿ ਦੇ ਪ੍ਰਚਾਰ ਦੀ ਖੁੱਲ੍ਹ ਵੀ ਨਹੀਂ ਦੇਣੀ ਚਾਹੁੰਦੇ।ਜਦੋਂ ਪੰਜਾਬ ਦੀਆਂ ਧੀਆਂ ਦੀ ਪੁਲਸ ਜਾਂ ਰਾਜਨੀਤਕ ਲੋਕਾਂ ਵਲੋਂ ਬੇਇਜਤੀ ਜਾਂ ਸਿੱਖ ਦਸਤਾਰਾਂ ਸ਼ਰੇਆਮ ਲੁਹਾਈਆਂ ਜਾ ਰਹੀਆਂ ਹਨ ਉਸ ਸਮੇ ਜਥੇਦਾਰ ਕਿਥੇ ਹੁੰਦੇ ਹਨ? ਇਤਿਹਾਸ ਅਜੇਹੇ ਪੰਥਕ ਮਾਰੂ ਜਥੇਦਾਰਾਂ ਨੂੰ ਕਦੀ ਮੁਆਫ ਨਹੀ ਕਰੇਗਾ ਅਤੇ ਬਸ ਲੋੜ ਹੈ ਕਿ ਸਿੱਖ ਕੌਮ ਸੁਚੇਤ ਹੋ ਕਿ ਬਣਾਵਟੀ ਤੇ ਕਾਗਜ਼ੀ ਜਥੇਦਾਰਾਂ ਦੀ ਕੋਈ ਪਰਵਾਹ ਨਾ ਕਰੇ।

ਸਤਨਾਮ ਸਿੰਘ ਜੌਹਲ

Comments are closed.

Sikh Marg Latest Edition